ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ ਚੁੱਕਿਆਂ ਹਨ ਜਦਕਿ 80 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ ਹਨ। ਭਾਰਤ ਦੇ ਵਿੱਚ ਹੁਣ ਤਕ ਕੋਰੋਨਾ ਵਾਇਰਸ ਦੇ 29 ਮਾਮਲੇ ਸਾਮ੍ਹਣੇ ਆਏ ਹਨ। ਭਾਰਤ ਦੇ ਕੇਰਲ ਵਿੱਚ ਸਭ ਤੋਂ ਪਹਿਲਾਂ ਤਿੰਨ ਮਾਮਲੇ ਸਾਮ੍ਹਣੇ ਆਏ ਸਨ ਜਿਹਨਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ।
ਉਥੇ ਹੀ ਦੱਖਣੀ ਕੋਰੀਆ ਦੇ ਵਿੱਚ ਕੋਰੋਨਾ ਵਾਇਰਸ ਕਾਰਨ 6,000 ਮਾਮਲੇ ਸਾਮ੍ਹਣੇ ਆਏ ਹਨ ਜਦਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੇ ਵਿੱਚ 4,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ ਜਦਕਿ 100 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਭਾਰਤ ਦੇ ਵਿੱਚ Novel Coronavirus (COVID-19) ਦੀ ਕੀ ਹੈ ਸਥਿਤੀ?
ਲਗਾਤਾਰ ਕਈ ਮਾਮਲੇ ਸਾਮ੍ਹਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੋ ਚੁੱਕੀ ਹੈ ਤੇ ਸਾਵਧਾਨੀ ਬਰਤ ਰਹੀ ਹੈ। ਇਸ ਦੇ ਨਾਲ ਸਰਕਾਰ ਨੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਕਿਸੀ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਇਸ ਵਾਇਰਸ ਦਾ ਰੋਕਥਾਮ ਸੰਭਵ ਹੈ। ਡਾ. ਹਰਸ਼ ਵਰਧਨ ਨੇ ਕਿਹਾ ਕਿ ਚੀਨ , ਸਿੰਗਾਪੁਰ, ਥਾਈਲੈਂਡ, ਹਾਂਗ ਕਾਂਗ, ਜਪਾਨ, ਦੱਖਣੀ ਕੋਰੀਆ, ਵੀਅਤਨਾਮ, ਮਲੇਸ਼ੀਆ, ਨੇਪਾਲ, ਇੰਡੋਨੇਸ਼ੀਆ, ਈਰਾਨ ਅਤੇ ਇਟਲੀ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।ਯਾਤਰੀਆਂ ਦੀ ਹਵਾਈ ਅੱਡਿਆਂ , ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੇ ਵੀ ਜਾਂਚ ਕੀਤੀ ਜਾ ਰਹੀ ਹੈ।
ਹੁਣ ਤੱਕ 5,57,431 ਯਾਤਰੀਆਂ ਦੀ ਹਵਾਈ ਅੱਡਿਆਂ ‘ਤੇ ਅਤੇ 12,431 ਯਾਤਰੀਆਂ ਬੰਦਰਗਾਹਾ ਤੇ ਜਾਂਚ ਕੀਤੀ ਗਈ ਹੈ। ਰੋਜ਼ਾਨਾ ਆਈ ਡੀ ਐੱਸ ਪੀ (IDSP) ਨੈੱਟਵਰਕ ਰਾਹੀਂ ਯਾਤਰੀਆਂ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਦੇਸ਼ ਵਿੱਚ 15 ਲੈਬਾਂ ਹਨ ਅਤੇ 19 ਲੈਬ ਜਲਦ ਹੀ ਸ਼ੁਰੂ ਕੀਤੀਆਂ ਜਾਣਗੀਆਂ। ਉਹਨਾਂ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਜਰੂਰੀ ਨਾ ਹੋਏ ਤਾਂ ਸਿੰਗਾਪੁਰ, ਕੋਰੀਆ, ਈਰਾਨ ਅਤੇ ਇਟਲੀ ਦੀ ਯਾਤਰਾ ਤੋਂ ਪਰਹੇਜ਼ ਕੀਤਾ ਜਾਵੇ।
ਭਾਰਤ ਸਰਕਾਰ ਨੇ ਟ੍ਰੇਵਲ ਐਡਵਾਇਜ਼ਰੀ ਜਾਰੀ ਕਰਦਿਆਂ ਚੀਨ ਅਤੇ ਇਰਾਨ ਦੇ ਸਾਰੇ ਵੀਜ਼ਾ ਰੱਦ ਕਰ ਦਿੱਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਦੂਤਾਵਾਸ ਯਾਤਰਾ ਦੇ ਨਿਯਮਾਂ ਨੂੰ ਲੈ ਕੇ ਦੂਜੇ ਦੇਸ਼ਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਸਰਕਾਰ ਇਰਾਨ ਅਤੇ ਇਟਲੀ ਦੀਆਂ ਸਰਕਾਰਾਂ ਦੇ ਸਹਿਯੋਗ ਨਾਲ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਵੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਸਬੰਧਤ ਸ਼ਿਕਾਇਤਾਂ ਅਤੇ ਸੁਝਾਅ ਦੇਣ ਲਈ ਇੱਕ ਹੈਲਪਲਾਈਨ ਨੰਬਰ : 0112397804 ਸ਼ੁਰੂ ਕੀਤਾ ਹੈ। ਇਹ ਨੰਬਰ 24 ਘੰਟੇ ਕੰਮ ਕਰੇਗਾ।
Novel Coronavirus ਦੇ ਲੱਛਣ?
ਕੋਰੋਨਾ ਵਾਇਰਸ (COVID-19) ਵਿੱਚ ਸਭ ਤੋਂ ਪਹਿਲਾਂ ਬੁਖ਼ਾਰ ਹੁੰਦਾ ਹੈ। ਇਸ ਤੋਂ ਬਾਅਦ ਸੁੱਕੀ ਖਾਂਸੀ ਅਤੇ ਇੱਕ ਹਫ਼ਤੇ ਬਾਅਦ ਸਾਹ ਲੈਣ ਦੇ ਵਿੱਚ ਤਕਲੀਫ਼ ਹੁੰਦੀ ਹੈ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਇਹ ਲੱਛਣ ਕੋਰੋਨਾ ਵਾਇਰਸ ਦੇ ਹੋਣ।ਆਮਤੌਰ ਤੇ ਜੁਖਾਮ ਅਤੇ ਫਲੂ ਵਿੱਚ ਵੀ ਇਸ ਤਰ੍ਹਾਂ ਦੇ ਲੱਛਣ ਵੇਖਣ ਨੂੰ ਮਿਲਦੇ ਹਨ।
ਨਾਵਲ ਕੋਰੋਨਾਵਾਇਰਸ ਵਾਇਰਸ ਤੋਂ ਬਚਾਅ:
ਇਸ ਵਾਇਰਸ ਤੋਂ ਬਚਣ ਦੇ ਲਈ ਸੰਕਰਮਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਪਰਹੇਜ਼ ਕਰੋ ਅਤੇ ਇਹਨਾਂ ਗੱਲਾਂ ਦਾ ਖ਼ਾਸ ਤੌਰ ਉੱਤੇ ਧਿਆਨ ਰੱਖੋ:
1. ਆਪਣੇ ਹੱਥ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ ਜਾਂ ਫੇਰ ਸੈਨੀਟਾਈਜ਼ਰ ਦੀ ਵਰਤੋਂ ਕਰੋ ।
2. ਆਪਣੇ ਨੱਕ ਅਤੇ ਮੂੰਹ ਨੂੰ ਢੱਕ ਕੇ ਰੱਖੋ।
3. ਬਿਮਾਰ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਉਨ੍ਹਾਂ ਦੇ ਬਰਤਨਾਂ ਦੀ ਵਰਤੋਂ ਨਾ ਕਰੋ ਅਤੇ ਉਨ੍ਹਾਂ ਨੂੰ ਨਾ ਛੂਹੋ
4.ਘਰ ਨੂੰ ਸਾਫ਼ ਰੱਖੋ ਅਤੇ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਨੂੰ ਵੀ ਸਾਫ਼ ਕਰੋ ।
ਜੇਕਰ ਤੁਸੀਂ ਸੰਕਰਮਿਤ ਇਲਾਕਿਆਂ ਤੋਂ ਵਾਪਿਸ ਆਏ ਹੋ ਤਾਂ ਕੁਝ ਦਿਨ ਘਰ ‘ਤੇ ਹੀ ਰਹੋ। ਜ਼ਿਆਦਾ ਲੋਕਾਂ ਦੇ ਨਾਲ ਨਾ ਮਿਲੋ ਅਤੇ ਸ਼ਰੀਰਿਕ ਸੰਪਰਕ ਨਾ ਬਣਾਓ। ਇਹ 14 ਦਿਨਾਂ ਤਕ ਕਰੋ ਤਾਂ ਜੋ ਸੰਕਰਮਣ ਦਾ ਖ਼ਤਰਾ ਘੱਟ ਹੋ ਸਕੇ। ਵਾਇਰਸ ਦੇ ਲੱਛਣ ਦਿਖਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਕੋਰੋਨਾ ਵਾਇਰਸ ਤੋਂ ਨਿਜ਼ਾਤ ਪਾਉਣ ਦੇ ਲਈ ਅਜੇ ਤਕ ਕੋਈ ਟੀਕਾ ਜਾਂ ਦਵਾਈ ਨਹੀਂ ਬਣੀ ਹੈ। ਵਿਗਿਆਨੀ ਵਾਇਰਸ ਦੇ ਇਲਾਜ ਲਈ ਦਵਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਉਮੀਦ ਕੀਤੀ ਹੈ ਰਹੀ ਹੈ ਕਿ ਇਸ ਸਾਲ ਦੇ ਅੰਤ ਤਕ ਇਸ ਵਾਇਰਸ ਦਾ ਇਲਾਜ਼ ਮਿਲ ਜਾਵੇਗਾ।
ਕੋਰੋਨਾ ਵਾਇਰਸ (COVID-19) ਨਾਲ ਜੁੜੀ ਹਰ ਜਾਣਕਾਰੀ ਅਤੇ ਅਪਡੇਟ ‘ਤੇ Newschecker ਦੀ ਨਜ਼ਰ ਹੈ । ਜੇਕਰ ਤੁਹਾਨੂੰ ਇਸ ਵਾਇਰਸ ਨਾਲ ਸਬੰਧਤ ਕੋਈ ਜਾਣਕਾਰੀ ਜਾਂ ਸ਼ੱਕੀ ਖ਼ਬਰ ਮਿਲਦੀ ਹੈ ਤਾਂ ਸਾਡੇ ਨਾਲ ਸਾਂਝੀ ਕਰੋ:
Email us at: checkthis@newschecker.in
WhatsApp us at: 9999499044