ਕਲੇਮ: ਥੁੱਕ ਲਗਾ ਕੇ ਸੜਕ ਉੱਤੇ ਨੋਟ ਸੁੱਟਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ। ਪੀਪੀਈ ਕਿਟ ਪਹਿਨਾ ਕੇ ਟੈਸਟ ਦੇ ਲਈ ਭੇਜਿਆ ਹਸਪਤਾਲ।
ਵੈਰੀਫਿਕੇਸ਼ਨ :
ਸੋਸ਼ਲ ਮੀਡੀਆ ਤੇ ਕਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਅਫਵਾਹਾਂ ਫੈਲ ਰਹੀਆਂ ਹਨ । ਇਸ ਵਿੱਚ ਸੋਸ਼ਲ ਮੀਡੀਆ ਤੇ ਇੱਕ ਟਵਿੱਟਰ ਯੂਜ਼ਰਸ ਨੇ ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਪੁਲੀਸ ਨੇ ਫਿਲੌਰ ਵਿਖੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਨੋਟਾਂ ਉੱਤੇ ਥੁੱਕ ਲਗਾ ਕੇ ਸੜਕ ‘ਤੇ ਸੁੱਟ ਰਿਹਾ ਸੀ ਉਸ ਨੂੰ ਇਸ ਤਰ੍ਹਾਂ ਕਰਦਿਆਂ ਉੱਥੇ ਇੱਕ ਮੌਜੂਦ ਸਕਿਓਰਿਟੀ ਗਾਰਡ ਨੇ ਵੇਖਿਆ ਜਿਸ ਤੋਂ ਬਾਅਦ ਗਾਰਡ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਵਿਅਕਤੀ ਨੂੰ ਪੁਲਸ ਨੇ ਕਸਟਡੀ ਵਿਚ ਲੈ ਲਿਆ ਹੈ ।
ਅਸੀਂ ਪਾਇਆ ਕਿ ਨਾਮੀ ਮੀਡੀਆ ਏਜੰਸੀ ਦੈਨਿਕ ਜਾਗਰਣ , ਜਗ ਬਾਣੀ , ਡੇਲੀ ਪੋਸਟ ਪੰਜਾਬੀ ਅਤੇ ਪੰਜਾਬ ਕੇਸਰੀ ਨੇ ਵੀ ਇਸ ਰਿਪੋਰਟ ਨੂੰ ਪ੍ਰਕਾਸ਼ਿਤ ਕੀਤਾ ।




ਜਗ ਬਾਣੀ ਦੀ ਰਿਪੋਰਟ ਦੇ ਮੁਤਾਬਿਕ ,ਸ਼ਨੀਵਾਰ 25 ਅਪ੍ਰੈਲ ਨੂੰ 11 ਵਜੇ ਇਕ ਪ੍ਰਾਈਵੇਟ ਕੰਪਨੀ ਵਿਚ ਤਾਇਨਾਤ ਸਕਿਓਰਟੀ ਗਾਰਡ ਨੇ ਫੋਨ ‘ਤੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਫਿਲੌਰ ਦੇ ਅੰਬੇਡਕਰ ਚੌਕ ਨੇੜੇ ਇਕ ਨੌਜਵਾਨ ਨੋਟਾਂ ‘ਤੇ ਥੁੱਕ ਲਗਾ ਕੇ ਉੱਥੇ ਰੱਖ ਰਿਹਾ ਹੈ ਜਿਸ ‘ਤੇ ਤੁਰੰਤ ਥਾਣਾ ਮੁਖੀ ਪੁਲਸ ਪਾਰਟੀ ਦੇ ਨਾਲ ਉੱਥੇ ਪੁੱਜੇ। ਫਿਲੌਰ ਦੀ ਸਥਾਨਕ ਪੁਲਸ ਨੇ ਡਾਕਟਰਾਂ ਦੀ ਟੀਮ ਬੁਲਾ ਕੇ ਇਕ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜੋ 2000 ਦੇ ਨੋਟ ਨੂੰ ਥੁੱਕ ਲਗਾ ਕੇ ਸੁੱਟ ਰਿਹਾ ਸੀ। ਲੜਕੇ ਕੋਲੋਂ ਪੁਲਸ ਨੂੰ 3500 ਰੁਪਏ ਨਵੀਂ ਮਿਲੇ ਹਨ । ਲੜਕੇ ਨੂੰ ਡਾਕਟਰੀ ਜਾਂਚ ਲਈ ਐਂਬੂਲੈਂਸ ਵਿਚ ਪਾ ਕੇ ਜਲੰਧਰ ਭੇਜਿਆ ਗਿਆ ਹੈ।
ਡੇਲੀ ਪੋਸਟ ਪੰਜਾਬੀ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਸ਼ੱਕੀ ਵਿਅਕਤੀ ਉੱਤਰ ਪ੍ਰਦੇਸ਼ ਦੇ ਸੋਨਭਦਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਕਿ ਫਿਲੌਰ ਵਿਚ ਇਕ ਫੈਕਟਰੀ ’ਚ ਕੰਮ ਕਰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਕੋਲੋਂ 3500 ਰੁਪਏ ਮਿਲੇ ਹਨ ਤੇ ਉਹ 2000 ਦੇ ਨੋਟ ਨੂੰ ਥੁੱਕ ਲਗਾਕੇ ਸੁੱਟ ਰਿਹਾ ਸੀ। ਨੋਟ ਸੁੱਟਣ ਵਾਲੇ ਵਿਅਕਤੀ ਨੂੰ ਪੀਪੀਈ ਕਿਟ ਪਹਿਨਾ ਕੇ ਜਲੰਧਰ ਭੇਜਿਆ ਗਿਆ ਹੈ ਜਿਥੇ ਇਸ ਦਾ ਟੈਸਟ ਕੀਤਾ ਜਾਵੇਗਾ। ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਸ ਜਗ੍ਹਾ ਨੂੰ ਵੀ ਸੈਨੀਟਾਈਜ਼ ਕਰਵਾਇਆ ਦਿੱਤਾ ਗਿਆ ਹੈ, ਜਿਥੇ ਜਿਸ ਵਿਅਕਤੀ ਨੂੰ ਫੜਿਆ ਗਿਆ ਸੀ।
ਅਸੀਂ ਪਾਇਆ ਕਿ ਇਸ ਦਾਅਵੇ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ ।ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਸਰਚ ਦੀ ਮਦਦ ਦੇ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਫੇਸਬੁੱਕ ਤੇ ‘ਅੰਬੇਦਕਰ ਮਿਸ਼ਨ ਨਿਊਜ਼ ਚੈਨਲ’ ਤੇ ਇਸ ਘਟਨਾ ਦਾ ਪੂਰਾ ਵੀਡੀਓ ਮਿਲਿਆ । ਇਸ ਵੀਡੀਓ ਦੇ ਵਿੱਚ ਮੌਕੇ ਤੇ ਮੌਜੂਦ ਉਹ ਲੜਕਾ ਵੀ ਦਿਖਾਈ ਦਿੰਦਾ ਹੈ ਜਿਸ ਨੂੰ ਪੀ ਪੀ ਈ ਕਿੱਟ ਪਹਿਨਾਈ ਜਾ ਰਹੀ ਹੈ। ਤੁਸੀਂ ਇਸ ਪੋਸਟ ਦਾ ਆਰਕਾਈਵ ਲਿੰਕ ਇਥੇ ਦੇਖ ਸਕਦੇ ਹੋ।
ਇਸ ਵੀਡੀਓ ਵਿਚ ਧਿਆਨ ਦੇਣ ਵਾਲੀ ਗੱਲ ਹੈ ਕਿ ਵੀਡੀਓ ਵਿਚ ਦਿਖਾਈ ਦੇ ਰਿਹਾ ਸ਼ਖਸ ਦੋਸ਼ ਪੂਰੇ ਮਾਮਲੇ ਦੀ ਜਾਣਕਾਰੀ ਦੇ ਰਿਹਾ ਹੈ ਉਹ ਸ਼ੁਰੂਆਤ ਦੇ ਵਿੱਚ ਕਹਿੰਦਾ ਹੈ ਕਿ ਇਹ ਵਿਅਕਤੀ ਦੋ ਹਜ਼ਾਰ ਦੇ ਨੋਟਾਂ ਉੱਤੇ ਥੁੱਕ ਲਗਾ ਕੇ ਸੁੱਟ ਰਿਹਾ ਸੀ ਅਤੇ ਇਸ ਵੀਡੀਓ ਦੇ ਵਿੱਚ ਉਹ ਤਿੰਨ ਵਾਰ ਸਕਿਓਰਿਟੀ ਗਾਰਡ ਦੇ ਨਾਲ ਗੱਲ ਕਰਦਾ ਹੈ ਜਿਸ ਨੇ ਪੁਲਿਸ ਨੂੰ ਮੌਕੇ ਤੇ ਬੁਲਾਇਆ ਸੀ। ਅਸੀਂ ਇਸ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ ਅਤੇ ਗਾਰਡ ਦੇ ਵੱਲੋਂ ਦਿੱਤੇ ਗਏ ਬਿਆਨਾਂ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ।
- ਇੱਕ ਮਿੰਟ 10 ਸਕਿੰਟ ਉੱਤੇ ਗਾਰਡ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੀ ਵੇਖਿਆ ? ਗਾਰਡ ਜਵਾਬ ਦਿੰਦਾ ਹੈ ਕਿ ਇਹ ਵਿਅਕਤੀ ਉੱਥੇ ਨੋਟ ਸੁੱਟ ਕੇ ਜਾ ਰਿਹਾ ਸੀ ਅਤੇ ਮੈਂ ਉਸ ਨੂੰ ਵੇਖਿਆ ਅਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ।
- ਚਾਰ ਮਿੰਟ 44 ਸਕਿੰਟ ਤੇ ਪੁਲਿਸ ਗਾਰਡ ਨੂੰ ਸਵਾਲ ਕਰਦੀ ਹੈ ਕਿ ਸਹੀ ਸਹੀ ਦੱਸੋ ਤੁਸੀਂ ਕੀ ਵੇਖਿਆ ਗਾਰਡ ਕਹਿੰਦਾ ਹੈ ਕਿ ਮੈਂ ਡਿਊਟੀ ਤੇ ਜਾ ਰਿਹਾ ਸੀ ਅਤੇ ਇਸ ਵਿਅਕਤੀ ਨੂੰ ਦਸ ਰੁਪਏ ਦਾ ਨੋਟ ਸੁੱਟਦੇ ਹੋਏ ਵੇਖਿਆ ਸੀ । ਗਾਰਡ ਤੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਉਸ ਨੂੰ ਥੁੱਕ ਲਗਾਉਂਦੇ ਹੋਏ ਵੇਖਿਆ ਸੀ ? ਗਾਰਡ ਨੇ ਜਵਾਬ ਦਿੱਤਾ ਕਿ ਥੁੱਕ ਦੀ ਕੋਈ ਗਾਰੰਟੀ ਨਹੀਂ , ਮੈਂ ਬੱਸ ਉਸ ਨੂੰ ਦਸ ਰੁਪਏ ਦਾ ਨੋਟ ਸੁੱਟਦੇ ਹੋਏ ਵੇਖਿਆ ਸੀ।
- ਪੰਜ ਸਕਿੰਟ 43 ਸਕਿੰਟ ਤੇ ਹੈਲਥ ਵਰਕਰ ਅਤੇ ਪੁਲਸ ਗਾਰਡ ਤੋਂ ਸਵਾਲ ਕਰਦੀ ਹੈ ਕਿ ਸੱਚੀ ਸੱਚੀ ਦੱਸੋ ਹੋਇਆ ਕੀ ਸੀ ਗਾਰਡ ਕਹਿੰਦਾ ਹੈ ਕਿ ਇਹ ਵਿਅਕਤੀ ਟਰੱਕ ਦੇ ਕੋਲ ਖੜ੍ਹਾ ਹੋਇਆ ਸੀ ਅਤੇ ਮੈਂ ਉਸ ਨੂੰ ਨੋਟ ਸੁੱਟਦੇ ਹੋਏ ਵੇਖਿਆ ‘ਤੇ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ।
ਗੌਰਤਲਬ ਹੈ ਕਿ ਗਾਰਡ ਨੇ ਵੀਡੀਓ ਦੇ ਵਿੱਚ ਇਹ ਸਪੱਸ਼ਟ ਕੀਤਾ ਕਿ ਉਸ ਨੇ ਉਸ ਵਿਅਕਤੀ ਨੂੰ ਥੁੱਕ ਲਗਾ ਕੇ ਨੋਟ ਸੁੱਟਦੇ ਹੋਏ ਨਹੀਂ ਵੇਖਿਆ ਸੀ। ਵੀਡੀਓ ਦੇ ਵਿੱਚ ਹੈਲਥ ਵਰਕਰਾਂ ਤੋਂ ਵੀ ਪੁੱਛਿਆ ਜਾਂਦਾ ਹੈ ਕਿ ਇਹ ਸਾਰਾ ਮਾਮਲਾ ਕੀ ਹੈ ਤਾਂ ਉਹ ਜਵਾਬ ਦਿੰਦੇ ਹਨ ਕਿ ਇਹ ਵਿਅਕਤੀ ਸ਼ਾਇਦ ਨਸ਼ੇ ਵਿੱਚ ਹੈ ਜਾਂ ਫਿਰ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਇਸ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਸੀਂ ਗੂਗਲ ਦੇ ਕੁਝ ਕੀ ਵਰਡਜ਼ ਦੀ ਮਦਦ ਦੇ ਨਾਲ ਸਰਚ ਕੀਤੀ ।
ਸਰਚ ਦੇ ਦੌਰਾਨ ਸਾਨੂੰ ਫੇਸਬੁੱਕ ਉੱਤੇ ਇੱਕ ਸਥਾਨਕ ਮੀਡੀਆ ਚੈਨਲ ‘ਸਾਂਝ ਟੀਵੀ’ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਵੀਡੀਓ ਮਿਲੀ । ਵੀਡੀਓ ਦੇ ਵਿੱਚ ਫੈਕਟਰੀ ਦੇ ਸਕਿਓਰਿਟੀ ਸਟਾਫ ਅਤੇ ਪੁਲਸ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ । ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਦਿਮਾਗੀ ਤੌਰ ਉੱਤੇ ਠੀਕ ਨਹੀਂ ਹੈ ਅਤੇ ਅਤੇ ਅੱਜ ਆਪਣੇ ਘਰ ਤੋਂ ਨਿਕਲ ਕੇ ਇਧਰ ਉਧਰ ਘੁੰਮ ਰਿਹਾ ਸੀ ‘ਤੇ ਉਸ ਦਾ ਦਸ ਰੁਪਏ ਦਾ ਨੋਟ ਨੀਚੇ ਗਿਰ ਗਿਆ ਜਿਸ ਨੂੰ ਚੁੱਕਦੇ ਸਮੇਂ ਗਾਰਡ ਨੇ ਵੇਖ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮੈਡੀਕਲ ਦੀ ਟੀਮ ਚੈੱਕਅਪ ਕਰਵਾ ਰਹੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੁਕੱਦਮਾ ਦਰਜ ਕੀਤਾ ਜਾਵੇਗਾ ।ਰਿਪੋਰਟਰ ਪੁਲਿਸ ਤੋਂ ਸਵਾਲ ਕਰਦਾ ਹੈ ਕਿ ਉਸ ਵਿਅਕਤੀ ਦੇ ਕੋਲ ਕਿੰਨੇ ਪੈਸੇ ਸੀ ? ਪੁਲਿਸ ਦਾ ਕਹਿਣਾ ਹੈ ਕਿ ਉਸ ਵਕਤ ਦੇ ਕੋਲ ਸਿਰਫ਼ ਦਸ ਰੁਪਏ ਸੀ । ਸਵਾਲ ਜਵਾਬ ਦੇ ਦੌਰਾਨ ਪੁਲਿਸ ਨੇ ਸਾਫ ਮਨਾ ਕਰ ਦਿੱਤਾ ਕਿ ਵਿਅਕਤੀ ਦੇ ਕੋਲ ਦੋ ਹਜ਼ਾਰ ਰੁਪਏ ਦਾ ਨੋਟ ਨਹੀਂ ਸੀ ।
ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਸਥਾਨਕ ਮੀਡੀਆ ਚੈਨਲ ‘ਵਨ ਨਿਊਜ਼ 18’ ਦੀ ਵੀਡੀਓ ਮਿਲੀ। ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਵਕਤ ਅਫਵਾਹਾਂ ਦਾ ਦੌਰ ਚੱਲ ਰਿਹਾ ਹੈ। ਰਿਪੋਰਟ ਦੇ ਮੁਤਾਬਿਕ ਫਿਲੌਰ ਦੇ ਅਧੀਨ ਪੈਂਦੇ ਪਿੰਡ ਬੱਛਵਾਲ ਵਿੱਚ ਪਾਰਲੇ ਜੀ ਫੈਕਟਰੀ ਦੇ ਵਿੱਚ ਇੱਕ ਪਰਵਾਸੀ ਮਜ਼ਦੂਰ ਲੇਬਰ ਦਾ ਕੰਮ ਕਰਦਾ ਹੈ ਅਤੇ ਕਿਸੀ ਵਜ੍ਹਾ ਦੇ ਨਾਲ ਆਪਣੇ ਘਰ ਤੋਂ ਕਾਫੀ ਦਿਨਾਂ ਤੋਂ ਦੂਰ ਸੀ ਅਤੇ ਆਪਣੇ ਪਿੰਡ ਵਾਪਿਸ ਜਾਣਾ ਚਾਹੁੰਦਾ ਸੀ । ਸ਼ਾਇਦ ਇਸੀ ਵਜ੍ਹਾ ਦੇ ਨਾਲ ਉਸ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਹ ਫਿਲੌਰ ਘੁੰਮਣ ਲੱਗ ਪਿਆ । ਉਸ ਦੇ ਕੋਲ ਦਸ ਰੁਪਏ ਦਾ ਨੋਟ ਸੀ ਜੋ ਗਿਰ ਗਿਆ ਅਤੇ ਜਦੋਂ ਉਹ ਆਪਣੇ ਨੋਟ ਨੂੰ ਚੁੱਕਣ ਲੱਗਾ ਤਾਂ ਡਿਊਟੀ ਤੇ ਜਾ ਰਹੇ ਸਕਿਓਰਿਟੀ ਗਾਰਡ ਨੇ ਉਸ ਨੂੰ ਦੇਖ ਲਿਆ ਅਤੇ ਉਸਨੇ ਤੁਰੰਤ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ । ਫਿਲੌਰ ਪੁਲਸ ਸਟੇਸ਼ਨ ਦੇ ਥਾਣਾ ਇੰਚਾਰਜ ਮੁਖਤਿਆਰ ਸਿੰਘ ਆਪਣੀ ਪੂਰੀ ਪੁਲਿਸ ਪਾਰਟੀ ਦੇ ਨਾਲ ਅਤੇ ਉੱਥੇ ਪਹੁੰਚੇ ਅਤੇ ਡਾਕਟਰਾਂ ਦੀ ਟੀਮ ਨੂੰ ਵੀ ਇਸ ਮਾਮਲੇ ਦੀ ਜਾਣਕਾਰੀ ਦਿੱਤੀ । ਮੁਖਤਿਆਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਅਕਤੀ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਫੈਕਟਰੀ ਦੇ ਮੈਨੇਜਰ ਨੂੰ ਵੀ ਉਥੇ ਬੁਲਾ ਲਿਆ ਗਿਆ ਸੀ ਅਤੇ ਹੈਲਥ ਡਿਪਾਰਟਮੈਂਟ ਨੂੰ ਵੀ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ । ਉਨ੍ਹਾਂ ਨੇ ਕਿਹਾ ਕਿ ਫਿਲੌਰ ਵਾਲਿਆਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਅਤੇ ਝੂਠੀਆਂ ਅਫਵਾਵਾਂ ‘ਤੇ ਧਿਆਨ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ।
ਅਸੀਂ ਇਸ ਮਾਮਲੇ ਦੀ ਜਾਣਕਾਰੀ ਦੇ ਲਈ ਫਿਲੌਰ ਪੁਲਸ ਸਟੇਸ਼ਨ ਦੇ ਥਾਣਾ ਇੰਚਾਰਜ ਮੁਖਤਿਆਰ ਸਿੰਘ ਦੇ ਨਾਲ ਗੱਲਬਾਤ ਕੀਤੀ । ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਿਅਕਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਅਤੇ ਵਿਅਕਤੀ ਦਾ ਕਰੋਨਾ ਟੈਸਟ ਵੀ ਕਰਵਾਇਆ ਗਿਆ ਹੈ ਤੇ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਅਕਤੀ ਕੋਈ ਥੁੱਕ ਲਗਾ ਕੇ ਨੋਟ ਨਹੀਂ ਸੁੱਟ ਰਿਹਾ ਸੀ ਅਤੇ ਇਸ ਦੇ ਕੋਲ ਮੁਸ਼ਕਿਲ ਦੇ ਨਾਲ ਦਸ ਰੁਪਏ ਦੇ ਨੋਟ ਸਮੇਤ ਕੁੱਲ ਚਾਲੀ ਰੁਪਏ ਸਨ ।
ਸਾਡੀ ਜਾਂਚ ਦੇ ਵਿੱਚ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਵੱਖ ਵੱਖ ਮੀਡੀਆ ਏਜੰਸੀਆਂ ਨੇ ਵੀ ਇਸ ਖ਼ਬਰ ਨੂੰ ਗੁਮਰਾਹਕੁੰਨ ਦਾਅਵੇ ਦੇ ਨਾਲ ਪ੍ਰਕਾਸ਼ਿਤ ਕੀਤਾ।
ਟੂਲਜ਼ ਵਰਤੇ:
- *ਗੂਗਲ ਸਰਚ
- *ਮੀਡਿਆ ਰਿਪੋਰਟ
- *ਯੂ ਟਿਊਬ ਸਰਚ
- *ਫੇਸਬੁੱਕ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)