Fact Check
ਮਰੀਆਂ ਹੋਈਆਂ ਮੱਝਾਂ ਦੀ ਇਹ ਵੀਡੀਓ ਪੰਜਾਬ ਦੀ ਨਹੀਂ ਹੈ
Claim
ਮਰੀਆਂ ਹੋਈਆਂ ਮੱਝਾਂ ਦੀ ਇਹ ਵੀਡੀਓ ਪੰਜਾਬ ਦੀ ਹੈ
Fact
ਵੀਡੀਓ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਮੁਖੇਡ ਤਾਲੁਕਾ ਦੇ ਮੁਕਰਮਬਾਦ ਪਿੰਡ ਦੀ ਹੈ ਜਿਥੇ ਹੜ੍ਹ ਦੇ ਕਾਰਨ 50 ਮੱਝਾਂ ਦੀ ਮੌਤ ਹੋ ਗਈ।
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਤਬੇਲੇ ਅੰਦਰ ਮਰੀਆਂ ਹੋਈਆਂ ਮੱਝਾਂ ਨੂੰ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਪੰਜਾਬ ਦਾ ਦੱਸਦਿਆਂ ਹਾਲੀਆ ਹੜ੍ਹਾਂ ਦੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਪੰਜਾਬ ਵਿੱਚ ਲਗਾਤਾਰ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਹਾਲਾਤ ਕਾਫੀ ਬਦਤਰ ਬਣੇ ਹੋਏ ਹਨ। ਹੜ੍ਹ ਦੇ ਕਾਰਨ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਦੇ ਪਿੰਡਾਂ ਵਿੱਚੋਂ ਲੋੜੀਂਦੀ ਸਮੱਗਰੀ ਇਕੱਠੀ ਕਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਈ ਜਾ ਰਹੀ ਹੈ। ਸਮਾਜਿਕ ਕਾਰਕੁਨ, ਗਾਇਕ , ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸਖ਼ਸ਼ੀਅਤਾਂ ਇਸ ਮੁਸੀਬਤ ਦੀ ਘੜੀ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਹਨ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਇੱਕ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਯੂ ਟਿਊਬ ਤੇ ਜਨਤਾ ਨਿਊਜ਼ ਇੰਡੀਆ ਦੁਆਰਾ ਅਗਸਤ 19 2025 ਨੂੰ ਅਪਲੋਡ ਪੋਸਟ ਦੇ ਵਿੱਚ ਵਾਇਰਲ ਵੀਡੀਓ ਦੇ ਨਾਲ ਮਿਲਦੀ ਜੁਲਦੀ ਇੱਕ ਵੀਡੀਓ ਮਿਲੀ। ਵੀਡੀਓ ਨਾਲ ਦਿੱਤੇ ਗਏ ਕੈਪਸ਼ਨ ਦੇ ਮੁਤਾਬਕ, ਮਹਾਰਾਸ਼ਟਰ, ਨੰਦੇੜ ਦੇ ਵਿੱਚ ਮੀਂਹ ਅਤੇ ਹੜ ਦੇ ਕਾਰਨ 40 ਤੋਂ 45 ਮੱਝਾਂ ਅਤੇ ਬਕਰੀਆਂ ਦੀ ਮੌਤ ਹੋ ਗਈ।”
ਇਸ ਜਾਣਕਾਰੀ ਨੂੰ ਆਧਾਰ ਬਣਾਉਂਦਿਆਂ ਅਸੀਂ ਗੂਗਲ ਤੇ ਕੁਝ ਕੀਵਰਡ ਦੇ ਜਰੀਏ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਮੀਡੀਆ ਅਦਾਰਾ “ਐਗਰੋਵਨ” ਦੁਆਰਾ ਅਗਸਤ 18, 2025 ਨੂੰ ਅਪਲੋਡ ਵੀਡੀਓ ਮਿਲੀ। ਇਸ ਵੀਡੀਓ ਦੇ ਵਿੱਚ ਵੀ ਵਾਇਰਲ ਵੀਡੀਓ ਦੇ ਨਾਲ ਮਿਲਦੇ ਜੁਲਦੇ ਵਿਜ਼ੂਅਲ ਦੇਖੇ ਜਾ ਸਕਦੇ ਹਨ।
ਵੀਡੀਓ ਰਿਪੋਰਟ ਦੇ ਮੁਤਾਬਕ,”ਸੂਬੇ ਵਿੱਚ ਕਈ ਥਾਵਾਂ ‘ਤੇ ਭਾਰੀ ਮੀਂਹ ਕਾਰਨ ਨੁਕਸਾਨ ਹੋ ਰਿਹਾ ਹੈ। ਨਾਂਦੇੜ ਜ਼ਿਲ੍ਹੇ ਦੇ ਮੁਖੇਡ ਤਾਲੁਕਾ ਵਿੱਚ ਮੀਂਹ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਜਿਥੇ ਭਾਰੀ ਮੀਂਹ ਕਾਰਨ ਇੱਕ ਗਊਸ਼ਾਲਾ ਵਿੱਚ 50 ਮੱਝਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪਸ਼ੂ ਪਾਲਕਾਂ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਹੈ।
ਟੀਵੀ 9 ਮਰਾਠੀ ਦੀ ਮੀਡਿਆ ਰਿਪੋਰਟ ਦੇ ਵਿੱਚ ਵੀ ਵਾਇਰਲ ਵੀਡੀਓ ਨਾਲ ਮਿਲਦੇ ਵਿਜ਼ੂਅਲ ਦੇਖੇ ਜਾ ਸਕਦੇ ਹਨ। ਮਰਾਠੀ ਮੀਡੀਆ ਅਦਾਰਾ ਸਾਮ ਟੀਵੀ ਦੀ ਰਿਪੋਰਟ ਦੇ ਮੁਤਾਬਿਕ ਇਹ ਘਟਨਾ ਮੁਖੇਡ ਤਾਲੁਕਾ ਦੇ ਮੁਕਰਮਬਾਦ ਪਿੰਡ ਵਿੱਚ ਵਾਪਰੀ ਸੀ।
Conclusion
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਮੁਖੇਡ ਤਾਲੁਕਾ ਦੇ ਮੁਕਰਮਬਾਦ ਪਿੰਡ ਦੀ ਹੈ ਜਿਥੇ ਹੜ੍ਹ ਦੇ ਕਾਰਨ 50 ਮੱਝਾਂ ਦੀ ਮੌਤ ਹੋ ਗਈ।
Our Sources
Report by Janata News India, Dated August 19, 2025
Report by TV9 Marathi, Dated August 19, 2025