ਭਾਰਤੀ ਕ੍ਰਿਕਟ ਟੀਮ ਨੇ 9 ਮਾਰਚ 2025 ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਏ ਚੈਂਪੀਅਨਜ਼ ਟਰਾਫੀ-2025 ਦੇ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ 12 ਸਾਲਾਂ ਬਾਅਦ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ। ਇਸ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਅਜੇਤੂ ਰਹੀ ਅਤੇ ਭਾਰਤੀ ਟੀਮ ਨੇ ਸਾਰੀਆਂ ਟੀਮਾਂ ਨੂੰ ਹਰਾਇਆ।
ਟੀਮ ਇੰਡੀਆ ਦੀ ਇਸ ਇਤਿਹਾਸਕ ਜਿੱਤ ਨੂੰ ਮਨਾਉਣ ਲਈ ਦੇਸ਼ ਭਰ ਵਿੱਚ ਜਸ਼ਨ ਮਨਾਇਆ ਗਿਆ ਅਤੇ ਆਤਿਸ਼ਬਾਜ਼ੀ ਹੋਈ । ਇਸ ਦੌਰਾਨ, ਇੱਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੀ ਜਿੱਤ ਤੋਂ ਬਾਅਦ ਦੁਬਈ ਵਿੱਚ ਆਤਿਸ਼ਬਾਜ਼ੀ ਚਲਾਈ ਗਈ।

Fact Check/Verification
ਚੈਂਪੀਅਨਜ਼ ਟਰਾਫੀ ‘ਚ ਭਾਰਤ ਦੀ ਜਿੱਤ ਤੋਂ ਬਾਅਦ ਦੁਬਈ ਵਿੱਚ ਆਤਿਸ਼ਬਾਜ਼ੀ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਲਈ ਅਸੀਂ ਗੂਗਲ ‘ਤੇ ‘ਭਾਰਤ ਦੀ ਜਿੱਤ ਤੋਂ ਬਾਅਦ ਦੁਬਈ ਵਿੱਚ ਆਤਿਸ਼ਬਾਜ਼ੀ’ ਕੀਵਰਡ ਦੀ ਮਦਦ ਨਾਲ ਸਰਚ ਕੀਤੀ।
ਇਸ ਦੌਰਾਨ ਸਾਨੂੰ ਦੁਬਈ ਵਿੱਚ ਭਾਰਤ ਦੀ ਜਿੱਤ ਨਾਲ ਸਬੰਧਤ ਆਤਿਸ਼ਬਾਜ਼ੀ ਦੀਆਂ ਖ਼ਬਰਾਂ ਨਵਭਾਰਤ ਟਾਈਮਜ਼ , ਅਮਰ ਉਜਾਲਾ ਅਤੇ ਈਟੀਵੀ ਭਾਰਤ ਸਮੇਤ ਕਈ ਮੀਡਿਆ ਅਦਾਰਿਆਂ ਦੀਆਂ ਵੈਬਸਾਈਟਾਂ ‘ਤੇ ਪ੍ਰਾਪਤ ਹੋਈਆਂ। ਅਸੀਂ ਇਨ੍ਹਾਂ ਰਿਪੋਰਟਾਂ ਨੂੰ ਧਿਆਨ ਨਾਲ ਪੜ੍ਹਿਆ ਅਤੇ ਦੇਖਿਆ ਪਰ ਸਾਨੂੰ ਵਾਇਰਲ ਵੀਡੀਓ ਨਾਲ ਮਿਲਦਾ-ਜੁਲਦਾ ਕੋਈ ਦ੍ਰਿਸ਼ ਨਹੀਂ ਮਿਲਿਆ।
ਵੀਡੀਓ ਦੀ ਜਾਂਚ ਕਰਨ ਲਈ ਅਸੀਂ ਗੂਗਲ ਲੈਂਸ ਦੀ ਵਰਤੋਂ ਕਰਕੇ ਫਰੇਮਾਂ ਦੀ ਖੋਜ ਕੀਤੀ। ਸਾਨੂੰ 23 ਦਸੰਬਰ, 2024 ਨੂੰ ਰਿਜ਼ਵਾਨ ਹੁਸੈਨ ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਦੁਆਰਾ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ।
ਹਾਲਾਂਕਿ ਇਹ ਵੀਡੀਓ ਇੱਕ ਵੱਖਰੇ ਐਂਗਲ ਤੋਂ ਸ਼ੂਟ ਕੀਤਾ ਗਿਆ ਹੈ ਪਰ ਇਸ ਵਿੱਚ ਵਾਇਰਲ ਵੀਡੀਓ ਵਰਗੇ ਹੀ ਦ੍ਰਿਸ਼ ਦੇਖੇ ਜਾ ਸਕਦੇ ਹਨ। ਪੋਸਟ ਦੇ ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਹ ਵੀਡੀਓ ‘ਜਾਬਰ ਅਲ-ਅਹਿਮਦ ਇੰਟਰਨੈਸ਼ਨਲ ਸਟੇਡੀਅਮ’ ਦਾ ਹੈ।
ਦੁਬਈ ਵਿੱਚ ਆਤਿਸ਼ਬਾਜ਼ੀ ਦੇ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਵੀਡੀਓ ਦੀ ਜਾਂਚ ਕਰਦੇ ਹੋਏ ਸਾਨੂੰ ਪਤਾ ਲੱਗਾ ਕਿ ਇਹ ਸਟੇਡੀਅਮ ਕੁਵੈਤ ਵਿੱਚ ਸਥਿਤ ਹੈ। ਇਸ ਤੋਂ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਚੈਂਪੀਅਨਜ਼ ਟਰਾਫੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਾ ਹੈ।

ਜਾਂਚ ਦੌਰਾਨ ਸਾਨੂੰ 21 ਦਸੰਬਰ, 2024 ਨੂੰ ਕੁਵੈਤੀ ਮੀਡੀਆ ਹਾਊਸ ‘ਅਲਰਾਈ ਮੀਡੀਆ ਗਰੁੱਪ’ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕਈ ਤਸਵੀਰਾਂ ਮਿਲੀਆਂ। ਇਸ ਪੋਸਟ ਦਾ ਕੈਪਸ਼ਨ ਅਰਬੀ ਭਾਸ਼ਾ ਵਿੱਚ ਲਿਖਿਆ ਗਿਆ ਹੈ। ਪੋਸਟ ਦਾ ਅਨੁਵਾਦ ਕਰਨ ‘ਤੇ, ਸਾਨੂੰ ਪਤਾ ਲੱਗਾ ਕਿ ਵੀਡੀਓ ਅਸਲ ਵਿੱਚ ਜਾਬਰ ਅਲ-ਅਹਿਮਦ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਆਯੋਜਿਤ 26ਵੇਂ ਅਰਬੀਅਨ ਗਲਫ ਕੱਪ ਦੇ ਉਦਘਾਟਨੀ ਸਮਾਰੋਹ ਦੌਰਾਨ ਹੋਈ ਆਤਿਸ਼ਬਾਜ਼ੀ ਦੀ ਹੈ।
ਜਾਂਚ ਦੌਰਾਨ ਅਸੀਂ ਇਹ ਵੀ ਪਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਦਸੰਬਰ, 2024 ਨੂੰ ਕੁਵੈਤ ਵਿੱਚ 26ਵੇਂ ਅਰਬੀਅਨ ਗਲਫ ਕੱਪ ਦੇ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਵੀਡੀਓ ਦੀ ਜਾਂਚ ਕਰਦਿਆਂ ਸਾਨੂੰ 26ਵੇਂ ਅਰਬੀਅਨ ਗਲਫ ਕੱਪ ਦੇ ਉਦਘਾਟਨ ਨਾਲ ਸਬੰਧਤ ਕਈ ਰਿਪੋਰਟਾਂ ਮਿਲੀਆਂ, ਜਿਨ੍ਹਾਂ ਨੂੰ ਤੁਸੀਂ ਇੱਥੇ ਅਤੇ ਇੱਥੇ ਪੜ੍ਹ ਸਕਦੇ ਹੋ।
ਇਸ ਦਾਅਵੇ ਦੀ ਜਾਂਚ ਕਰਦੇ ਸਾਨੂੰ 21 ਦਸੰਬਰ, 2024 ਨੂੰ ਕੁਵੈਤ ਨਿਊਜ਼ ਏਜੰਸੀ (KUNA) ਦੇ ਅਧਿਕਾਰਤ X ਹੈਂਡਲ ‘ਤੇ ਪੋਸਟ ਕੀਤੀਆਂ ਗਈਆਂ ਕੁਝ ਤਸਵੀਰਾਂ ਮਿਲੀਆਂ ਜਿਨ੍ਹਾਂ ਵਿੱਚ ਸਟੇਡੀਅਮ ‘ਚ ਆਤਿਸ਼ਬਾਜ਼ੀ ਦੇ ਸਮਾਨ ਦ੍ਰਿਸ਼ ਦੇਖੇ ਜਾ ਸਕਦੇ ਹਨ।
ਅਸੀਂ ਅਬੂ ਧਾਬੀ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਅਤੇ ਕੁਵੈਤ ਦੇ ਜਾਬੇਰ ਅਲ-ਅਹਿਮਦ ਇੰਟਰਨੈਸ਼ਨਲ ਸਟੇਡੀਅਮ ਦੀ ਤੁਲਨਾ ਕੀਤੀ ਅਤੇ ਪਾਇਆ ਕਿ ਦੋਵਾਂ ਦਾ ਡਿਜ਼ਾਈਨ ਇੱਕ ਦੂਜੇ ਤੋਂ ਵੱਖਰਾ ਹੈ।ਵਾਇਰਲ ਵੀਡੀਓ ਕੁਵੈਤ ਦੇ ਜਾਬੇਰ ਅਲ-ਅਹਿਮਦ ਅੰਤਰਰਾਸ਼ਟਰੀ ਸਟੇਡੀਅਮ ਦੇ ਬਾਹਰ ਦਾ ਹੈ।

Conclusion
ਇਸ ਤਰ੍ਹਾਂ, ਸਾਡੀ ਜਾਂਚ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦਸੰਬਰ 2024 ਵਿੱਚ ਕੁਵੈਤ ਵਿੱਚ ਹੋਣ ਵਾਲੇ 26ਵੇਂ ਅਰਬੀਅਨ ਗਲਫ ਕੱਪ ਦੇ ਉਦਘਾਟਨੀ ਸਮਾਰੋਹ ਦੇ ਵੀਡੀਓ ਨੂੰ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਆਤਿਸ਼ਬਾਜ਼ੀ ਵਜੋਂ ਸਾਂਝਾ ਕੀਤਾ ਜਾ ਰਿਹਾ ਹੈ।
Sources
Instagram Post by Rijwan Hussain
Instagram Post by Alrai Media Group
X Post by Kuwait News Agency (KUNA)
Newschecker’s Analysis