ਯੂਨਾਇਟੇਡ ਕਿੰਗਡਮ (ਯੂਕੇ) ਦੀ ਨਵੀਂ ਚੁਣੀ ਗਈ ਸੰਸਦ ਵਿੱਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਸ਼ਾਨਦਾਰ ਤੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਅਗਵਾਈ ਵਿਚ ਪਾਰਟੀ ਨੂੰ ਸਪੱਸ਼ਟ ਤੇ ਇਤਿਹਾਸਕ ਬਹੁਮਤ ਪ੍ਰਾਪਤ ਹੋਇਆ ਹੈ |
ਕੁੱਲ 650 ਸੀਟਾਂ ਵਾਲੀ ਯੂਨਾਇਟੇਡ ਕਿੰਗਡਮ (ਯੂਕੇ) ਸੰਸਦ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 364 ਸੀਟਾਂ ਪ੍ਰਾਪਤ ਹੋਈਆਂ, ਲੇਬਰ ਪਾਰਟੀ ਨੂੰ 203, ਐਸ.ਐਨ.ਪੀ. ਨੂੰ 48, ਲਿਬਰਲ ਡੈਮੋਕ੍ਰੇਟਿਕ ਨੂੰ 11, ਡੀ.ਯੂ.ਪੀ. ਨੂੰ 8 ਤੇ ਹੋਰਾਂ ਨੂੰ 15 ਸੀਟਾਂ ਮਿਲੀਆਂ ਹਨ |ਯੂਕੇ ਦੀ ਨਵੀਂ ਚੁਣੀ ਗਈ ਸੰਸਦ ਵਿੱਚ 15 ਭਾਰਤੀ ਮੂਲ ਦੇ ਮੈਂਬਰ ਹਨ। ਇਹਨਾਂ 15 ਭਾਰਤੀ ਮੂਲ ਦੇ ਮੈਂਬਰਾਂ ਵਿੱਚੋਂ 5 ਮੈਂਬਰ ਪੰਜਾਬੀ ਹਨ। ਯੂਕੇ ਸੰਸਦ ਵਿੱਚ ਪਹੁੰਚਣ ਵਾਲਿਆਂ ਵਿੱਚ 15 ਮੈਂਬਰ ਪਾਕਿਸਤਾਨ ਦੇ ਮੂਲ ਨਿਵਾਸੀ ਵੀ ਹਨ।
ਇਹਨਾਂ 5 ਭਾਰਤੀ ਮੂਲ ਦੇ ਪੰਜਾਬੀਆਂ ਨੇ ਮਾਰੀ ਬਾਜ਼ੀ :
ਤਨਮਨਜੀਤ ਸਿੰਘ ਢੇਸੀ
ਬ੍ਰਿਟੇਨ ਦੇ ਪਹਿਲੇ ਪੱਗੜੀਧਾਰੀ ਸਿੱਖ ਸੰਸਦ ਮੈਂਬਰ ਅਤੇ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਨੇ 13,640 ਦੇ ਪ੍ਰਭਾਵਸ਼ਾਲੀ ਬਹੁਮਤ ਨਾਲ ਆਪਣੀ ਸੀਟ ਬਰਕਰਾਰ ਰੱਖੀ। ਤਨਮਨਜੀਤ ਸਿੰਘ ਢੇਸੀ ਨੇ ਦੱਖਣ-ਪੂਰਬੀ ਇੰਗਲੈਂਡ ਦੇ ਸਲੋ ਤੋਂ 29,421 ਵੋਟਾਂ ਪ੍ਰਾਪਤ ਕੀਤੀਆਂ ਅਤੇ ਜਿੱਤ ਪ੍ਰਾਪਤ ਕੀਤੀ। ਤਨਮਨਜੀਤ ਸਿੰਘ ਢੇਸੀ ਨੇ ਕੰਜ਼ਰਵੇਟਿਵ ਪਾਰਟੀ ਦੇ ਕੰਵਰ ਤੂਰ ਗਿੱਲ ਨੂੰ 13,640 ਵੋਟਾਂ ਤੋਂ ਹਰਾਇਆ ਜਦਕਿ ਤੀਜੇ ਨੰਬਰ ’ਤੇ ਆਰੋਨ ਚਾਹਲ ਜੋ ਲਿਬਰਲ ਡੈਮੋਕਰੈਟ ਪਾਰਟੀ ਦੇ ਨਾਲ ਸੰਬੰਧ ਰੱਖਦੇ ਹਨ ਰਹੇ।
ਤਨਮਨਜੀਤ ਸਿੰਘ ਢੇਸੀ , ਇਸ ਤੋਂ ਪਹਿਲਾਂ ਇੰਗਲੈਂਡ ਦੇ ਗ੍ਰਾਵਸੇਂਡ ਸ਼ਹਿਰ ‘ਚ ਯੂਰੋਪ ਦੇ ਸਭ ਤੋਂ ਨੌਜਵਾਨ ਸਿੱਖ ਮੇਅਰ ਰਹਿ ਚੁੱਕੇ ਹਨ।ਤਨਮਨਜੀਤ ਸਿੰਘ ਦਾ ਜਨਮ ਇੰਗਲੈਂਡ ‘ਚ ਹੀ ਹੋਇਆ। ਉਹਨਾਂ ਦੇ ਪਿਤਾਜਸਪਾਲ ਸਿੰਘ ਢੇਸੀ ਬ੍ਰਿਟੇਨ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ। ਤਨਮਨਜੀਤ ਸਿੰਘ ਢੇਸੀ ਪੰਜਾਬ ਦੇ ਸ਼ਹਿਰ ਜਲੰਧਰ ਦੇ ਪਿੰਡ ਰਾਏਪੁਰ ਤੋਂ ਸੰਬੰਧ ਰੱਖਦੇ ਹਨ ਅਤੇ ਉਹ ਕਾਂਗਰਸ ਨੇਤਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਦੇ ਭਤੀਜੇ ਹਨ। ਤਨਮਨਜੀਤ ਸਿੰਘ ਢੇਸੀ ਨੇ ਮੁਢਲੀ ਪ੍ਰਾਇਮਰੀ ਸਿੱਖਿਆ ਸ਼ਿਵਾਲਿਕ ਪਬਲਿਕ ਸਕੂਲ, ਮੁਹਾਲੀ ਵਿੱਚ ਚਾਰ ਸਾਲ ਅਤੇ ਸ਼੍ਰੀ ਦਸਮੇਸ਼ ਅਕੈਡਮੀ, ਅਨੰਦਪੁਰ ਸਾਹਿਬ ਵਿਖੇ ਦੋ ਸਾਲ ਕੀਤੀ।

ਮਨਪ੍ਰੀਤ ਕੌਰ ਗਿੱਲ
ਮਨਪ੍ਰੀਤ ਕੌਰ ਗਿੱਲ, ਜਿਹਨਾਂ ਨੇ ਪਿਛਲੀ ਚੋਣ ਵਿਚ ਪਹਿਲੀ ਬ੍ਰਿਟਿਸ਼ ਸਿੱਖ ਮਹਿਲਾ ਸੰਸਦ ਮੈਂਬਰ ਵਜੋਂ ਇਤਿਹਾਸ ਰਚਿਆ ਸੀ, ਨੂੰ 21,217 ਵੋਟਾਂ ਨਾਲ ਬਰਮਿੰਘਮ ਐਜਬੈਸਟਨ ਤੋਂ ਦੁਬਾਰਾ ਚੁਣਿਆ ਗਿਆ। ਸੀਮਾ ਮਲਹੋਤਰਾ ਨੇ ਫਿਲਟੈਮ ਅਤੇ ਹੇਸਟਨ ਨੂੰ 24,876 ਵੋਟਾਂ ਨਾਲ ਹਰਾਇਆ। ਮਨਪ੍ਰੀਤ ਕੌਰ ਗਿੱਲ ਨੇ ਕੰਜ਼ਰਵੇਟਿਵ ਪਾਰਟੀ ਦੇ ਐਲੇਕਸ ਇਪ ਨੂੰ 5 ਹਜ਼ਾਰ ਤੋਂ ਵੋਟਾਂ ਨਾਲ ਹਰਾਇਆ। ਮਨਪ੍ਰੀਤ ਕੌਰ ਗਿੱਲ ਵੀ ਜਲੰਧਰ ਦੇ ਪਿੰਡ ਜਮਸ਼ੇਰ ਖੇੜਾ ਤੋਂ ਸੰਬੰਧ ਰੱਖਦੇ ਹਨ।

ਗਗਨ ਮਹਿੰਦਰਾ
ਕੰਜ਼ਰਵੇਟਿਵ ਪਾਰਟੀ ਦੇ ਪੰਜਾਬ ਮੂਲ ਦੇ ਇਕ ਹੋਰ ਉਮੀਦਵਾਰ ਗਗਨ ਮਹਿੰਦਰਾ ਨੇ 30,327 ਵੋਟਾਂ ਨਾਲ ਦੱਖਣੀ ਪੱਛਮੀ ਹਰਟਫੋਰਡਸ਼ਾਇਰ ਤੋਂ ਜਿੱਤ ਪ੍ਰਾਪਤ ਕੀਤੀ । ਗਗਨ ਮਹਿੰਦਰਾ ਏਸੈਕਸ ਕਾਉਂਟੀ ਕਾਉਂਸਲ ਅਤੇ ਏਪਿੰਗ ਫੌਰੈਸਟ ਡਿਸਟ੍ਰਿਕਟ ਕੌਂਸਲ ਦੇ ਮੈਂਬਰ ਅਤੇ ਕਾਉਂਟੀ ਕਾਉਂਸਲ ਦੇ ਵਿੱਤ, ਜਾਇਦਾਦ ਅਤੇ ਮਕਾਨ ਦੇ ਕੈਬਨਿਟ ਮੈਂਬਰ ਵੀ ਹਨ ਹੈ। ਗਗਨ ਮਹਿੰਦਰਾ ਕੰਜ਼ਰਵੇਟਿਵ ਪਾਰਟੀ ਦੀ ਇੱਕ ਲਾਬੀ ਕੰਜ਼ਰਵੇਟਿਵ ਫ੍ਰੈਂਡਜ਼ ਇੰਡੀਆ ਦੇ ਮੈਂਬਰ ਵੀ ਹਨ।

ਵਰਿੰਦਰ ਸ਼ਰਮਾ
ਵਰਿੰਦਰ ਸ਼ਰਮਾ ਨੇ ਈਲਿੰਗ ਸਾਊਥਾਲ 31,720 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਵਰਿੰਦਰ ਸ਼ਰਮਾ ਕਿਸੀ ਵੇਲੇ ਬੱਸ ਕੰਡਕਟਰ ਵਜੋਂ ਕੰਮ ਕਰਦੇ ਸਨ। ਵਰਿੰਦਰ ਸ਼ਰਮਾ
ਨੇ ਈਲਿੰਗ ‘ਚ ਕੌਂਸਲਰ ਅਤੇ ਮੇਅਰ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਵਰਿੰਦਰ ਸ਼ਰਮਾ ਮੰਡਾਲੀ ਪਿੰਡ ਨਾਲ ਸਬੰਧ ਰੱਖਦਾ ਹੈ ਜੋ ਪਹਿਲਾਂ ਜਲੰਧਰ ਜ਼ਿਲ੍ਹੇ ਵਿੱਚ ਹੁੰਦਾ ਸੀ ਅਤੇ ਹੁਣ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੈ। ਵਰਿੰਦਰ ਸ਼ਰਮਾ ਦੇ ਪਰਿਵਾਰ ਦਾ ਇੱਕ ਘਰ ਜਲੰਧਰ ਦੇ ਮੋਤਾ ਸਿੰਘ ਨਗਰ ਵਿੱਚ ਅੱਜ ਵੀ ਹੈ।

ਸੀਮਾ ਮਲਹੋਤਰਾ
ਲੇਬਰ ਪਾਰਟੀ ਦੀ ਸੀਮਾ ਮਲਹੋਤਰਾ ਨੇ ਆਮ ਚੋਣਾਂ ਵਿਚ ਬੈਲਥਮ ਅਤੇ ਹੇਸਟਨ ਸੀਟ ‘ਤੇ 24,876 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜੇਨ ਕੀਪ 17,017 ਵੋਟਾਂ ਨਾਲ ਦੂਜੇ ਨੰਬਰ ਤੇ ਆਏ। ਸੀਮਾ ਮਲਹੋਤਰਾ ਜਲੰਧਰ ਦੇ ਨਿਊ ਜਵਾਹਰ ਸਿੰਘ ਨਗਰ ਇਲਾਕੇ ਦੀ ਰਹਿਣ ਵਾਲੀ ਹਨ।

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected]