ਪਾਕਿਸਤਾਨ ਦੇ ਪੰਜਾਬ ਵਿੱਚ ਸਥਿਤ ਗੁਰੂਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤੀ ਯਾਤਰੀਆਂ ਦੇ ਲਈ ਖੋਲਣ ਦੀ ਮੰਗ ਸਿੱਖ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਸਨ। ਕਰਤਾਰਪੁਰ ਕਾਰੀਡੋਰ ਨੂੰ ਖੋਲਣ ਦੀ ਲੰਬੇ ਸਮੇਂ ਦੀ ਮੰਗ ਨੂੰ ਭਾਰਤ ਅਤੇ ਪਾਕਿਸਤਾਨ ਸਰਕਾਰ ਨੇ ਵੀਰਵਾਰ ਨੂੰ ਦਸਖ਼ਤ ਕਰਕੇ ਪੂਰਾ ਕਰ ਦਿੱਤਾ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕ੍ਰਿਆ ਵੀ ਸ਼ੁਰੂ ਹੋ ਚੁੱਕੀ ਹੈ। ਹੁਣ ਸਾਰੇ ਹਿੰਦੁਸਤਾਨੀ ਆਸਾਨੀ ਦੇ ਨਾਲ ਕਾਰੀਡੋਰ ਦੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ।
ਯਾਤਰੀਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਨਹੀਂ ਲੈਣਾ ਪਵੇਗਾ ਪਰ ਯਾਤਰਾ ਲਈ ਪਾਸਪੋਰਟ ਦਿਖਾਣਾ ਜਰੂਰੀ ਹੋਵੇਗਾ। ਅਗਰ ਤੁਸੀ ਵੀ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਦੇ ਲਈ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਯਾਤਰਾ ਅਤੇ ਰਜਿਸਟ੍ਰੇਸ਼ਨ ਦੇ ਸੰਬੰਧ ਵਿਚ ਪੂਰੀ ਜਾਣਕਾਰੀ ਦੇ ਰਹੇ ਹਾਂ।
ਪਾਕਿਸਤਾਨ ਦੇ ਪੰਜਾਬ ਦੇ ਨਾਰੋਵਾਲ ਜਿਲ੍ਹੇ ਅਧੀਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰੂਦਵਾਰਾ ਡੇਰਾ ਬਾਬਾ ਨਾਨਕ ਸਾਹਿਬ ਦੀ ਸੀਮਾ ਤੋਂ ਮਹਿਜ 4.5 ਕਿਲੋਮੀਟਰ ਦੀ ਦੂਰੀ ਤੇ ਹੈ।ਇਹ ਪਵਿੱਤਰ ਸਥਲ ਕਰਤਾਰਪੁਰ ਕਾਰੀਡੋਰ ਦੇ ਮਾਧਿਅਮ ਰਾਹੀਂ ਪੂਰੇ ਸਾਲ ਦਰਸ਼ਨਾਂ ਦੇ ਲਈ ਖੁਲਾ ਰਹੇਗਾ। ਮਿਲੀ ਜਾਣਕਾਰੀ ਅਨੁਸਾਰ , 4.5 ਕਿਲੋਮੀਟਰ ਲੰਬੇ ਕਾਰੀਡੋਰ ਦਾ ਨਿਰਮਾਣ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾ 31 ਅਕਤੂਬਰ ਤਕ ਪੂਰਾ ਹੋ ਜਾਵੇਗਾ। ਸ੍ਰੀ ਕਰਤਾਰਪੁਰ ਸਾਹਿਬ ਦਾ ਸਿੱਖਾਂ ਦੇ ਨਾਲ ਡੂੰਘਾ ਤੇ ਪਵਿੱਤਰ ਰਿਸ਼ਤਾ ਹੈ ਕਿਓਂਕਿ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਅਤੇ ਆਪਣਾ ਅੰਤਿਮ ਸਮਾਂ ਇਸ ਪਵਿੱਤਰ ਧਰਤੀ ਤੇ ਗੁਜ਼ਾਰਿਆ।
8 ਨਵੰਬਰ ਨੂੰ ਹੋਵੇਗਾ ਉਦਘਾਟਨ
ਕਾਰੀਡੋਰ ਦਾ ਉਦਘਾਟਨ 8 ਨਵੰਬਰ ਨੂੰ ਹੋਣ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 9 ਨਵੰਬਰ ਨੂੰ ਕਰਤਾਰਪੁਰ ਕਾਰੀਡੋਰ ਜਾਣ ਵਾਲੇ ਵਫ਼ਦ ਦੀ ਅਗਵਾਈ ਕਰਣਗੇ।ਕਰਤਾਰਪੁਰ ਕਾਰੀਡੋਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਾਮੀ 8 ਨਵੰਬਰ ਨੂੰ ਕਰਨਗੇ। ਹਾਲ ਹੀ ਦੇ ਵਿੱਚ ਪਾਕਿਸਤਾਨ ਨੇ ਕਰਤਾਰਪੁਰ ਕਾਰੀਡੋਰ ਨੂੰ ਲੈਕੇ ਸਮਝੌਤੇ ਦਾ ਅੰਤਿਮ ਡ੍ਰਾਫ਼੍ਟ ਭਾਰਤ ਸਰਕਾਰ ਨੂੰ ਭੇਜਿਆ ਹੈ। ਇਸਦੇ ਮੁਤਾਬਿਕ ਪਾਕਿਸਤਾਨ ਹਰ ਇਕ ਯਾਤਰੀ ਤੋਂ 20 ਡਾਲਰ ( 1412 ਰੁਪਏ) ਫੀਸ ਵਸੂਲੇਗਾ।ਪਾਕਿਸਤਾਨ ਇਸੇ ਐਂਟਰੀ ਫ੍ਰੀ ਦੇ ਬਜਾਏ ਸਰਵਿਸ ਚਾਰਜ ਕਹਿ ਰਿਹਾ ਹੈ। ਇਸ ਤੋਂ ਪਹਿਲਾਂ ਵੀ ਭਾਰਤ ਪਾਕਿਸਤਾਨ ਦੇ ਇਸ ਪ੍ਰਸਤਾਵ ਨੂੰ ਠੁਕਰਾ ਚੁਕਿਆ ਹੈ ਪਰ ਅਜੇ ਤਕ ਇਸ ਮਾਮਲੇ ਉੱਤੇ ਫੈਸਲਾ ਨਹੀਂ ਹੋ ਸਕਿਆ ਹੈ।
20 ਡਾਲਰ ਦੀ ਪਰਮਿਟ ਫੀਸ
ਭਾਰਤ ਦੇ ਬਾਰ ਬਾਰ ਕਹਿਣ ਦੇ ਬਾਵਜੂਦ ਪਾਕਿਸਤਾਨ ਨੇ 20 ਡਾਲਰ ਦੀ ਪਰਮਿਟ ਫੀਸ ਨੂੰ ਮਾਫ ਨਹੀਂ ਕੀਤਾ ਹੈ। 20 ਡਾਲਰ ਦੀ ਪਰਮਿਟ ਫੀਸ ਨਾਲ ਹਰ ਇਕ ਯਾਤਰੀ ਨੂੰ 1412 ਰੁਪਏ ਦੇਣੇ ਪੈਣਗੇ। ਜੇਕਰ ਅਸੀਂ ਸੂਤਰਾਂ ਦੀ ਮੰਨੀਏ ਤਾਂ ਪੰਜਾਬ , ਦਿੱਲੀ ਤੋਂ ਇਲਾਵਾ ਕੇਂਦਰ ਸਰਕਾਰ ਇਸ ਪਰਮਿਟ ਫੀਸ ਉੱਤੇ ਕੁਝ ਸਬਸਿਡੀ ਦੇਣ ‘ਤੇ ਵਿਚਾਰ ਕਰ ਰਹੀ ਹੈ। ਪਾਕਿਸਤਾਨ ਨੂੰ ਇਸ ਪਰਮਿਟ ਫੀਸ ਦੇ ਨਾਲ ਸਾਲਾਨਾ 260 ਕਰੋੜ ਦੀ ਕਮਾਈ ਹੋਣ ਦੀ ਉਮੀਦ ਹੈ। ਦੋਨਾਂ ਦੇਸ਼ਾਂ ਦੇ ਅਫਸਰਾਂ ਦੇ ਵਲੋਂ ਡੇਰਾ ਬਾਬਾ ਨਾਨਕ ਦੇ ਕੋਲ ਜ਼ੀਰੋ ਲਾਈਨ ਤੇ ਇਸ ਸੰਬੰਧੀ ਦਸਖ਼ਤ ਕੀਤੇ ਗਏ।ਸ੍ਰੀ ਕਰਤਾਰਪੁਰ ਸਾਹਿਬ ਤਕ ਜਾਣ ਵਾਲਾ ਇਹ ਕਾਰੀਡੋਰ ਸਵੇਰ ਤੋਂ ਲੈਕੇ ਸ਼ਾਮ ਤੱਕ ਖੁੱਲਾ ਰਹੇਗਾ। ਰੋਜ਼ਾਨਾ ਕਰੀਬ 5,000 ਯਾਤਰੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਤੀਰਥ ਯਾਤਰੀਆਂ ਨੂੰ ਕੇਵਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਹੋਵੇਗੀ।
ਇਹਨਾਂ ਗੱਲਾਂ ਦਾ ਰੱਖੋ ਧਿਆਨ
ਗੁਰੂਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਦੇ ਕੋਲ ਪਾਸਪੋਰਟ ਹੋਣਾ ਲਾਜ਼ਮੀ ਹੈ।ਇਸ ਯਾਤਰਾ ਦੇ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਹੈ ਪਰ ਗੁਰੂਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਘੱਟ ਤੋਂ ਘੱਟ ਇੱਕ ਮਹੀਨੇ ਪਹਿਲਾਂ ਰਜਿਸਟ੍ਰੇਸ਼ਨ ਕਰਵਾਣਾ ਜ਼ਰੂਰੀ ਹੈ। ਆਨਲਾਈਨ ਰਜਿਸਟ੍ਰੇਸ਼ਨ ਅਤੇ ਦਰਖ਼ਾਸਤ ਕਰਨ ਦੇ ਲਈ ਪਾਸਪੋਰਟ ਤੋਂ ਇਲਾਵਾ ਆਧਾਰ ਕਾਰਡ ਦੀ ਜਾਣਕਾਰੀ ਵੀ ਮੰਗੀ ਜਾਵੇਗੀ।ਇਸ ਤੋਂ ਇਲਾਵਾ ਤੁਹਾਡੇ ਉੱਤੇ ਕਿਸੀ ਵੀ ਤਰ੍ਹਾਂ ਦਾ ਪੁਲਿਸ ਕੇਸ ਯਾ ਮੁਕੱਦਮਾ ਦੀ ਜਾਣਕਾਰੀ ਵੀ ਦੇਣੀ ਪਵੇਗੀ।ਯਾਤਰਾ ਦੀ ਇਜ਼ਾਜ਼ਤ ਪੁਲਿਸ ਵੇਰੀਫੀਕੇਸ਼ਨ ਤੋਂ ਬਾਅਦ ਹੀ ਦਿੱਤੀ ਜਾਵੇਗੀ।
ਕੀ ਨਹੀਂ ਲੈਕੇ ਜਾ ਸਕਣਗੇ ਸ਼ਰਧਾਲੂ?
ਗ੍ਰਹਿ ਮੰਤਰਾਲਾ ਦੇ ਵਲੋਂ ਇਸ ਸੰਬੰਧ ਦੇ ਵਿੱਚ ਇੱਕ ਲਿਸਟ ਜਾਰੀ ਕੀਤੀ ਗਈ ਹੈ , ਜੋ ਹਾਲ ਹੀ ਦੇ ਵਿੱਚ ਲਾਂਚ ਕੀਤੇ ਗਏ ਪੋਰਟਲ ਦੇ ਵਿੱਚ ਵੀ ਮੌਜੂਦ ਹੈ। ਇਸ ਲਿਸਟ ਦੇ ਮੁਤਾਬਕ ਸ਼ਰਧਾਲੂ ਆਪਣੇ ਨਾਲ ਵਾਈ-ਫਾਈ ਬ੍ਰਾਡਬੈਂਡ , ਸ਼ਰਾਬ ਅਤੇ ਹੋਰ ਸਮੱਗਰੀ ਆਪਣੇ ਨਾਲ ਨਹੀਂ ਲੈਕੇ ਜਾ ਸਕਦੇ। ਇਸ ਦੇ ਨਾਲ ਹੀ ਵਿਸਫੋਟਕ ਪਦਾਰਥ , ਨਸ਼ੀਲੇ ਪਦਾਰਥ ਅਤੇ ਸਾਈਕੋਟ੍ਰੋਪਿਕ ਪਦਾਰਥ , ਹਰ ਕਿਸਮ ਦੀਆਂ ਕਿਰਪਾਨਾਂ ਨੂੰ ਛੱਡ ਕੇ ਚਾਕੂ ਅਤੇ ਬਲੇਡ , ਨਕਲੀ ਕਰੰਸੀ ਨੋਟ, ਮੋਹਰਾਂ ਅਤੇ ਸਿੱਕੇ , ਭਾਰਤ ਅਤੇ ਪਾਕਿਸਤਾਨ ਦੀਆਂ ਬਾਹਰੀ ਸੀਮਾਵਾਂ ਦੇ ਗਲਤ ਚਿੱਤਰਣ ਵਾਲੇ ਨਕਸ਼ੇ ਅਤੇ ਸਾਹਿਤ (ਦੋਵੇਂ ਸਰੀਰਕ ਅਤੇ ਡਿਜੀਟਲ ਰੂਪ ਵਿੱਚ) ,ਭਾਰਤ ਅਤੇ ਪਾਕਿਸਤਾਨ ਦੀ ਖੇਤਰੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਾ ਜਾਂ ਭਾਰਤ ਅਤੇ ਪਾਕਿਸਤਾਨ ਵਿੱਚ ਫਿਰਕੂ ਸਦਭਾਵਨਾ ਨੂੰ ਸੰਭਾਵਿਤ ਤੌਰ ‘ਤੇ ਨੁਕਸਾਨ ਪਹੁੰਚਾਉਣ ਵਾਲਾ ਸਾਹਿਤ, ਮੀਡੀਆ ਇਕਾਈਆਂ ਅਤੇ ਵਸਤੂਆਂ ਸਮੇਤ ਝੰਡੇ ਅਤੇ ਬੈਨਰ (ਦੋਵੇਂ ਸਰੀਰਕ ਅਤੇ ਡਿਜੀਟਲ ਰੂਪ ਵਿੱਚ) , ਲਾਗੂ ਕਾਨੂੰਨਾਂ ਅਨੁਸਾਰ ਵਪਾਰਕ ਉਦੇਸ਼ ਲਈ, ਲਾਭ ਪ੍ਰਾਪਤੀ ਜਾਂ ਵਪਾਰਕ ਵਰਤੋਂ ਵਾਲੀਆਂ ਚੀਜ਼ਾਂ , ਰੇਡੀਓ ਟ੍ਰਾਂਸਮੀਟਰ ਜੋ ਆਮ ਵਰਤੋਂ ਲਈ ਮਨਜ਼ੂਰਸ਼ੁਦਾ ਨਹੀ ਹਨ , ਸੈਟੇਲਾਈਟ ਫੋਨ , ਲਾਗੂ ਕਾਨੂੰਨਾਂ ਅਨੁਸਾਰ, ਨਿੱਜੀ ਵਰਤੋ ਜਾਂ ਧਾਰਮਿਕ ਉਦੇਸ਼ਾਂ ਲਈ ਬਣੇ ਗਹਿਣਿਆਂ ਤੋਂ ਇਲਾਵਾ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਚੀਜ਼ਾ , ਅਸ਼ਲੀਲ ਸਮੱਗਰੀ , ਲਾਗੂ ਹੋਣ ਯੋਗ ਬੌਧਿਕ ਜਾਇਦਾਦ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀਆਂ ਚੀਜ਼ਾਂ , ਪੁਰਾਤਨ ਚੀਜ਼ਾਂ ਅਤੇ ਕਲਾ ਦੇ ਖਜ਼ਾਨੇ। ਜੰਗਲੀ-ਜੀਵ ਵਸਤੂਆਂ ਅਤੇ ਉਤਪਾਦ ,ਲੁਪਤ ਹੋ ਰਹੇ ਪੌਦੇ ਅਤੇ ਜਾਨਵਰਾਂ ਦੀਆਂ ਕਿਸਮਾਂ, ਭਾਵੇਂ ਜੀਵਤ ਜਾਂ ਮਰੀਆਂ ਹੋਣ ਆਦਿ ਲੈਕੇ ਜਾਣ ਉੱਤੇ ਮਨਾਹੀ ਹੈ।
ਕੱਲੇ ਯਾਤਰਾ ਨਹੀਂ ਕਰ ਸਕਣਗੇ ਬੱਚੇ ਅਤੇ ਬਜ਼ੁਰਗ
ਤੀਰਥ ਯਾਤਰੀਆਂ ਨੂੰ ਕੇਵਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਹੋਵੇਗੀ। ਯਾਤਰੀਆਂ ਨੂੰ ਸਵੇਰੇ ਜਾਕੇ ਸ਼ਾਮ ਤੱਕ ਵਾਪਿਸ ਆਣਾ ਪਵੇਗਾ।ਤੇਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਇਲਾਵਾ 75 ਸਾਲ ਦੇ ਬਜ਼ੁਰਗ ਕੱਲੇ ਯਾਤਰਾ ਨਹੀਂ ਕਰ ਸਕਣਗੇ । ਇਸਦੇ ਨਾਲ ਹੀ ਵੱਧ ਤੋਂ ਵੱਧ 11,000 ਭਾਰਤੀ ਰੁਪਏ ਦੀ ਮੁਦਰਾ ਸੀਮਾਂ ਅਤੇ ਕੇਵਲ 7 ਕਿਲੋ ਤੱਕ ਸਮਾਨ ਦਾ ਇੱਕ ਬੈਗ ਸਮੇਤ ਪੀਣ ਵਾਲਾ ਪਾਣੀ ਯਾਤਰੀ ਨਾਲ ਲਿਜਾ ਸਕਦੇ ਹਨ।
ਯਾਤਰੀਆਂ ਦੇ ਲਈ ਸੁਵਿਧਾ ਕੇਂਦਰ
ਪੰਜਾਬ ਦੇ ਗੁਰਦਸਪੂਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਵਿੱਚ ਯਾਤਰੀ ਟਰਮੀਨਲ ਇਮਾਰਤ (ਪੀ.ਟੀ.ਬੀ.) ਦੇ ਅੰਦਰ ਤੰਬਾਕੂਨੋਸ਼ੀ ਕਰਨਾ, ਸ਼ਰਾਬ ਪੀਣਾ ਅਤੇ ਤੰਬਾਕੂ ਦਾ ਸੇਵਨ ਕਰਨ ਦੀ ਆਗਿਆ ਨਹੀ ਹੈ।ਤੇਜ਼ ਆਵਾਜ਼ ਦੇ ਵਿਚ ਸੰਗੀਤ ਬਜਾਉਣ ਅਤੇ ਬਿਨਾ ਕਿਸੇ ਦੀ ਆਗਿਆ ਤੋਂ ਕਿਸੀ ਦੀਆਂ ਤਸਵੀਰਾਂ ਲੈਣ ਦੀ ਮਨਜ਼ੂਰੀ ਨਹੀਂ ਹੋਵੇਗੀ। 8 ਨਵੰਬਰ ਤੱਕ ਕਰਤਾਰਪੁਰ ਕਾਰੀਡੋਰ ਦਾ ਆਧੁਨਿਕ ਯਾਤਰੀ ਟਰਮੀਨਲ ਬਣਕੇ ਤਿਆਰ ਹੋ ਜਾਵੇਗਾ। ਇਥੇ ਤੀਰਥ ਯਾਤਰੀਆਂ ਦੀ ਯਾਤਰਾ ਨੂੰ ਸੌਖਾ ਬਣਾਉਣ ਦੀ ਲਈ ਇਕ ਸੁਵਿਧਾ ਕੇਂਦਰ ਵੀ ਬਣਾਇਆ ਜਾਵੇਗਾ।
ਡੇਰਾ ਬਾਬਾ ਨਾਨਕ – ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਬਾਰੇ
ਪਿੰਡ ਕਰਤਾਰਪੁਰ, ਰਾਵੀ ਨਦੀ ਦੇ ਪੱਛਮੀ ਕਿਨਾਰੇ ਤੇ ਸਥਿੱਤ ਹੈ ਜਿੱਥੇ ਸਿਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ। ਗੁਰਦੁਆਰਾ ਡੇਰਾ ਬਾਬਾ ਨਾਨਕ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੇ ਰਾਵੀ ਨਦੀ ਦੇ ਪੂਰਬੀ ਕਿਨਾਰੇ ਤੇ ਸਥਿੱਤ ਹੈ। ਰਾਵੀ ਨਦੀ ਦੇ ਪੱਛਮੀ ਪਾਸੇ ਕਰਤਾਰਪੁਰ, ਪਕਿਸਤਾਨ ਕਸਬਾ ਸਥਿੱਤ ਹੈ।ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਦੇ ਨਜ਼ਦੀਕ ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ 4.5 ਕਿਲੋਮੀਟਰ ਦੂਰ ਸਥਿੱਤ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿੱਚ ਪੈਂਦਾ ਹੈ।ਡੇਰਾ ਬਾਬਾ ਨਾਨਕ ਭਾਰਤ ਵਿੱਚ ਪੰਜਾਬ ਰਾਜ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਿੱਤ ਇੱਕ ਸ਼ਹਿਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਨੇ ਇਸ ਕਸਬੇ ਨੂੰ ਵਸਾਇਆ ਅਤੇ ਆਪਣੇ ਮਹਾਨ ਪੂਰਵਜ ਤੋਂ ਬਾਅਦ ਇਸਦਾ ਨਾਮ ਡੇਰਾ ਬਾਬਾ ਨਾਨਕ ਰੱਖਿਆ।
ਆਪਣਾ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਇਸ ਕਲਿਕ ਕਰੋ :
https://prakashpurb550.mha.gov.in/kpr/?lang=pa
ਵਧੇਰੀ ਸਹਾਇਤਾ ਦੇ ਲਈ ਯਾਤਰੀ ਈ-ਮੇਲ ਆਈ.ਡੀ.ks-support@nic.ਉੱਤੇ ਈ-ਮੇਲ ਕਰ ਸਕਦੇ ਹਨ ਯਾ ਸਹਾਇਤਾ ਹੈਲਪਲਾਈਨ 0183-2500463 ਤੇ ਵੀ ਕਾਲ ਕਰ ਸਕਦੇ ਹਨ।
Source
Ministry of Home Affairs – Pilgrimage to Sri Kartarpur Sahib
(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)