ਦੇਸ਼ ਵਿੱਚ ਸਿਆਸਤ ਅਤੇ ਪਰਿਵਾਰਵਾਦ ਦਾ ਨਹੁੰ – ਮਾਸ ਦਾ ਰਿਸ਼ਤਾ ਹੈ। ਦੇਸ਼ ਦੀ ਵੰਡ ਤੋਂ ਬਾਅਦ ਪਰਿਵਾਰਵਾਦ ਦੇ ਇਲਜ਼ਾਮ ਅਕਸਰ ਕਾਂਗਰਸ ‘ਤੇ ਲਗਦੇ ਸਨ ਪਰ ਹੁਣ ਸਾਰੀਆਂ ਹੀ ਸਿਆਸੀ ਪਾਰਟੀਆਂ ਵਿੱਚ ਪਰਿਵਾਰਵਾਦ ਦਾ ਬੋਲਬਾਲਾ ਹੈ। ਪੰਜਾਬ ਅਤੇ ਹਰਿਆਣਾ ਦੀਆਂ ਸੱਥਾਂ ਵਿੱਚ ਲੋਕਾਂ ਵਿਚਕਾਰ ਇਹ ਇਹ ਚਰਚਾ ਆਮ ਹੈ ਕਿ ਦੇਸ਼ ਦੇ ਕਈ ਰਾਜਾਂ ਵਿੱਚ ਸਿਆਸੀ ਪਾਰਟੀਆਂ ਇੱਕ ਖਾਸ ਪਰਿਵਾਰਾਂ ਦੀ ਜਾਗੀਰ ਬਣਕੇ ਰਹਿ ਗਈਆਂ ਹਨ। ਜੇਕਰ ਪੰਜਾਬ ਤੋਂ ਮਹਾਰਾਸ਼ਟਰ ਤਕ ਅਸੀਂ ਝਾਤ ਮਾਰੀਏ ਤਾਂ ਅਕਾਲੀ ਦਲ , ਕਾਂਗਰਸ ਤੋਂ ਲੈਕੇ ਸ਼ਿਵ ਸੈਨਾ ਵਿੱਚ ਪਰਿਵਾਰਵਾਦ ਦਾ ਬੋਲ ਬਾਲਾ ਰਿਹਾ ਹੈ।
ਪਰ , ਅਜਿਹੇ ਕੁਝ ਵਿੱਚ ਹੀ ਇਹਨਾਂ ਪਰਿਵਾਰਾਂ ਵਿੱਚ ਬਾਗੀ ਸੁਰਾਂ ਵੀ ਦੇਖਣ ਨੂੰ ਮਿਲੀਆਂ ਹਨ। ਇਸ ਦੀ ਸਭ ਤੋਂ ਵੱਡੀ ਉਦਹਾਰਣ ਹਾਲ ਹੀ ਦੇ ਵਿੱਚ ਹੋਈਆਂ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਹਨ। ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਿਵਸੇਨਾ – ਬੀਜੇਪੀ ਅਤੇ ਕਾਂਗਰਸ – ਐਨਸੀਪੀ ਨੇ ਗਠਜੋੜ ਵਿੱਚ ਚੋਣਾਂ ਲੜੀਆਂ। ਨਤੀਜੇ ਵਿੱਚ ਜਿੱਤ ਸ਼ਿਵਸੇਨਾ – ਬੀਜੇਪੀ ਦੀ ਹੋਈ ਪਰ ਆਪਸੀ ਸਹਿਮਤੀ ਨਾ ਹੋਣ ਕਾਰਨ ਦੋਹਾਂ ਹੀ ਧਿਰਾਂ ਨੇ ਇੱਕ ਦੂਜੇ ਦਾ ਸਾਥ ਛੱਡ ਦਿੱਤਾ। ਇਸ ਦੇ ਵਿੱਚ ਹੀ ਐਨਸੀਪੀ ਦੇ ਮੁੱਖੀ ਅਤੇ ਸੁਪਰੀਮੋ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਬੀਜੇਪੀ ਨਾਲ ਮਿਲਕੇ ਰਾਤੋ – ਰਾਤ ਸਰਕਾਰ ਬਣਾ ਲਈ ਅਤੇ ਮਹਾਰਾਸ਼ਟਰ ਦੇ ਉੱਪ ਮੁੱਖ – ਮੰਤਰੀ ਵਜੋਂ ਸਹੁੰ ਵੀ ਚੁੱਕ ਲਈ।
ਕਈ ਦਿਨਾਂ ਤਕ ਮਹਾਰਾਸ਼ਟਰ ਦੀ ਸਿਆਸਤ ਵਿੱਚ ਇਸ ਗੱਲ ਨੂੰ ਲੈਕੇ ਚਰਚਾ ਬਣੀ ਰਹੀ ਪਰ ਐਨਸੀਪੀ ਦੇ ਸੁਪਰੀਮੋ ਸ਼ਰਦ ਪਵਾਰ ਨੇ ਭਾਜਪਾ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਸ਼ਿਵਸੇਨਾ – ਕਾਂਗਰਸ – ਐਨਸੀਪੀ ਨੇ ਮਿਲਕੇ ਮਹਾਰਾਸ਼ਟਰ ਵਿੱਚ ਸਰਕਾਰ ਬਣਾਈ ਜਿਸ ਵਿੱਚ ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ – ਮੰਤਰੀ ਵਜੋਂ ਸਹੁੰ ਚੁੱਕੀ। ਐਨਸੀਪੀ ਵਿੱਚ ਦੂਜੇ ਨੰਬਰ ਦੇ ਨੇਤਾ ਅਜੀਤ ਪਵਾਰ ਨੇ ਵੀ ਉੱਪ ਮੁੱਖ – ਮੰਤਰੀ ਦੇ ਪਦ ਤੋਂ ਇਸਤੀਫ਼ਾ ਦੇਕੇ ਐਨਸੀਪੀ ਵਿੱਚ ਘਰ ਵਾਪਸੀ ਕੀਤੀ।
ਜੋ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਹੋਇਆ ਅਜਿਹਾ ਕੁਝ ਭਾਰਤ ਦੀ ਸਿਆਸਤ ਵਿੱਚ ਆਮ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਕਈ ਰਾਜਾਂ ਵਿੱਚ ਕਈ ਪਰਿਵਾਰਾਂ ਨੇ ਸੱਤਾ ਦੀ ਚਾਬੀ ਨੂੰ ਹਾਸਿਲ ਕਰਨ ਦੇ ਲਈ ਆਪਣੀ ਜੱਦੀ ਸਿਆਸੀ ਪਾਰਟੀਆਂ ਨੂੰ ਛੱਡ ਕੇ ਵਿਰੋਧੀ ਪਾਰਟੀਆਂ ਦਾ ਪੱਲਾ ਫੜਿਆ। ਜਾਣਦੇ ਹਾਂ ਕੁਝ ਇਸ ਤਰਾਂ ਦੇ ਵਾਕੇ ਜਿਸ ਵਿੱਚ ਚਾਚਾ – ਭਤੀਜਿਆਂ ਦੀ ਲੜਾਈ ਮੀਡਿਆ ਦੀ ਸੁਰਖ਼ੀਆਂ ਬਣੀਆਂ ਰਹੀਆਂ।
ਬਾਦਲ vs ਬਾਦਲ
ਸਿਆਸਤ ਦੇ ਬਾਬਾ ਬੋਹੜ ਕਹਾਉਣ ਵਾਲੇ ਅਤੇ ਪੰਜਾਬ ਦੇ ਪੰਜ ਵਾਰ ਦੇ ਮੁੱਖ – ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਦਾ ਸਾਮ੍ਹਣਾ ਕਰਨਾ ਪਿਆ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਸਿੰਘ ਬਾਦਲ ਦੇ ਸਪੁੱਤਰ ਅਤੇ ਉਹਨਾਂ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਦੇ ਵਿਚਕਾਰ ਝਗੜਾ ਵੀ ਸਿਆਸਤ ਦੀ ਕੁੰਜੀ ਨੂੰ ਲੈਕੇ ਹੋਇਆ।
ਪ੍ਰਕਾਸ਼ ਸਿੰਘ ਬਾਦਲ ਨੇ 2007 ਵਿੱਚ ਉਸ ਵੇਲੇ ਦੇ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ ਸਾਈਡ ਲਾਈਨ ਕਰਕੇ ਪਾਰਟੀ ਦੀ ਕਮਾਂਡ ਆਪਣੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਇਸਤੀਫ਼ਾ ਦੇਕੇ 2012 ਵਿੱਚ ਆਪਣੀ ਸਿਆਸੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ (PPP) ਬਣਾ ਲਈ।
2012 ਦੀਆਂ ਵਿਧਾਨ ਸਭ ਚੋਣਾਂ ਵਿੱਚ ਪੀਪਲਜ਼ ਪਾਰਟੀ ਆਫ ਪੰਜਾਬ ਆਪਣਾ ਖਾਤਾ ਵੀ ਨਾ ਖੋਲ ਸਕੀ ਅਤੇ ਮਨਪ੍ਰੀਤ ਸਿੰਘ ਬਾਦਲ ਆਪਣੀ ਜੱਦੀ ਸੀਟ ਗਿੱਦੜਬਾਹਾ ਤੋਂ ਹੀ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਗਏ। ਇਸ ਤੋਂ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਨੇ ਕਾਂਗਰਸ ਨਾਲ ਗਠਜੋੜ ਕਰ ਕੇ ਸੁਖਬੀਰ ਬਾਦਲ ਦੀ ਪਤਨੀ ਅਤੇ ਆਪਣੀ ਭਾਬੀ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ਼ ਬਠਿੰਡਾ ਸੀਟ ਤੋਂ ਚੋਣ ਲੜੀ ਪਰ ਇਹਨਾਂ ਚੋਣਾਂ ਵਿੱਚ ਵੀ ਮਨਪ੍ਰੀਤ ਬਾਦਲ ਨੂੰ ਹਾਰ ਦਾ ਸਾਮ੍ਹਣਾ ਕਰਨਾ ਪਿਆ।ਮਨਪ੍ਰੀਤ ਬਾਦਲ ਨੇ 2017 ਦੀਆਂ ਵਿਧਾਨ ਸਭ ਚੋਣਾਂ ਤੋਂ ਪਹਿਲਾਂ ਸਾਲ 2016 ਵਿੱਚ ਆਪਣੀ ਪਾਰਟੀ ਪੀਪੀਪੀ ਦਾ ਕਾਂਗਰਸ ਨਾਲ ਰਲੇਵਾਂ ਕਰ ਲਿਆ।
ਮਨਪ੍ਰੀਤ ਬਾਦਲ ਨੇ ਬਠਿੰਡਾ (ਅਰਬਨ) ਸੀਟ ਤੋਂ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਨੇਸ਼ ਬੰਸਲ ਨੂੰ ਹਰਾਇਆ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਖਜ਼ਾਨਾ ਮੰਤਰੀ ਵਜੋਂ ਅਹੁਦਾ ਦਿੱਤਾ ਗਿਆ।
ਚੋਟਾਲਿਆਂ ਦੀ ਅਕਸ ਦੀ ਲੜਾਈ
ਹਰਿਆਣਾ ਵਿੱਚ ਕਿਸੇ ਸਮੇਂ ਰਾਜਨੀਤੀ ਦੇ ਬਹੁਬਲੀ ਕਹਾਉਣ ਵਾਲੇ ਚੋਟਾਲਾ ਪਰਿਵਾਰ ਨੂੰ ਵੀ ਆਪਣੇ ਅਕਸ ਨੂੰ ਬਚਾਉਣ ਦੀ ਖ਼ਾਤਰ ਇਸ ਫੁੱਟ ਦਾ ਸਾਮ੍ਹਣਾ ਕਰਨਾ ਪਿਆ। ਚੋਟਾਲਾ ਪਰਿਵਾਰ 2004 ਤੋਂ ਬਾਅਦ ਸੱਤਾ ਤੋਂ 15 ਸਾਲ ਬਾਹਰ ਰਿਹਾ। ਭਾਰਤ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੇ ਚਾਰ ਸਪੁੱਤਰ ਸਨ – ਓਮ ਪ੍ਰਕਾਸ਼ ਚੋਟਾਲਾ , ਪ੍ਰਤਾਪ ਸਿੰਘ , ਰਣਜੀਤ ਸਿੰਘ ਚੋਟਾਲਾ ਅਤੇ ਜਗਦੀਸ਼ ਚੰਦਰ।
ਇਨੈਲੋ ਦੇ ਸੁਪਰੀਮੋ ਅਤੇ ਮੁੱਖੀ ਓਮ ਪ੍ਰਕਾਸ਼ ਚੌਟਾਲਾ ਦੇ ਦੋ ਸਪੁੱਤਰ ਸਨ – ਅਭੈ ਚੋਟਾਲਾ ਅਤੇ ਅਜੇ ਚੋਟਾਲਾ। ਹਰਿਆਣਾ ਵਿੱਚ ਹੋਏ ਟੀਚਰ ਸਕੈਮ ਦੇ ਵਿੱਚ ਇਨੈਲੋ ਮੁੱਖੀ ਓਮ ਪ੍ਰਕਾਸ਼ ਚੌਟਾਲਾ ਅਤੇ ਅਜੇ ਚੌਟਾਲਾ ਨੂੰ ਕੋਰਟ ਨੇ 10 ਸਾਲ ਦੀ ਸਜ਼ਾ ਸੁਣਾਈ। ਵੱਡੇ ਭਰਾ ਦੇ ਜੇਲ ਜਾਣ ਤੋਂ ਬਾਅਦ ਇਨੈਲੋ ਦੀ ਕਮਾਨ ਅਭੈ ਚੋਟਾਲਾ ਦੇ ਹੱਥ ਆ ਗਈ। ਪਰ ਪਾਰਟੀ ਦੇ ਵਿੱਚ ਅਭੈ ਚੌਟਾਲਾ ਦਾ ਆਪਣੇ ਭਤੀਜਿਆਂ – ਦੁਸ਼ਯੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ ਨਾਲ ਬਾਗੀ ਸੁਰ ਰਹੇ। ਇਸ ਸਭ ਦੇ ਵਿੱਚ ਅਭੈ ਚੌਟਾਲਾ ਨੇ ਆਪਣੇ ਭਤੀਜਿਆਂ – ਦੁਸ਼ਯੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਸਭ ਦੇ ਵਿੱਚ ਓਮ ਪ੍ਰਕਾਸ਼ ਚੌਟਾਲਾ ਨੇ ਅਭੈ ਚੌਟਾਲਾ ਦਾ ਸਾਥ ਦਿੱਤਾ।
ਉਸ ਤੋਂ ਬਾਅਦ ਦੁਸ਼ਯੰਤ ਚੌਟਾਲਾ ਨੇ 2018 ਵਿੱਚ ਆਪਣੀ ਵੱਖਰੀ ਪਾਰਟੀ ਜਨਨਾਇਕ ਜਨਤਾ ਪਾਰਟੀ (JJP) ਬਣਾ ਲਈ। 2019 ਵਿੱਚ ਹੋਈਆਂ ਵਿਧਾਨ ਸਭਾ ਚੋਂਣਾ ਵਿੱਚ ਜੇਜੇਪੀ ਕਿੰਗ ਮੇਕਰ ਦੇ ਵਜੋਂ ਉਭਰੀ। ਜੇਜੇਪੀ ਨੇ ਬੀਜੇਪੀ ਦੇ ਨਾਲ ਮਿਲਕੇ ਸਰਕਾਰ ਬਣਾਈ ਅਤੇ ਦੁਸ਼ਯੰਤ ਚੌਟਾਲਾ ਨੇ ਹਰਿਆਣਾ ਦੇ ਉਪ ਮੁੱਖ – ਮੰਤਰੀ ਦੇ ਵਜੋਂ ਕਮਾਨ ਸੰਭਾਲੀ।
ਅਖਿਲੇਸ਼ ਅਤੇ ਸ਼ਿਵਪਾਲ ਵਿਚਲਾ ਸਿਆਸੀ ਪੇਚ
ਅਖਿਲੇਸ਼ ਯਾਦਵ ਅਤੇ ਉਹਨਾਂ ਦੇ ਸਗੇ ਚਾਚੇ ਸ਼ਿਵਪਾਲ ਯਾਦਵ ਵਿਚਲੀ ਲੜਾਈ ਤੋਂ ਹਰ ਕੋਈ ਜਾਣੂ ਹੈ। ਦਰਅਸਲ ਉੱਤਰ ਪ੍ਰਦੇਸ਼ ਦੀ ਰਾਜਸੀ ਪਾਰਟੀ ਕੌਮੀ ਏਕਤਾ ਦਲ ਦਾ ਰਲੇਵਾਂ ਸਮਾਜਵਾਦੀ ਪਾਰਟੀ ਵਿੱਚ ਹੋਣਾ ਸੀ ਪਰ ਓਦੋ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਰਲੇਵੇਂ ਨੂੰ ਰੁਕਵਾ ਦਿੱਤਾ ਜਿਸ ਤੋਂ ਬਾਅਦ ਓਹਨਾ ਦੇ ਚਾਚਾ ਸ਼ਿਵਪਾਲ ਯਾਦਵ ਨੇ ਪਾਰਟੀ ਵਿੱਚੋਂ ਇਸਤੀਫੇ ਦੀ ਧਮਕੀ ਦਿੱਤੀ।
ਇਹ ਸਿਆਸੀ ਲੜਾਈ ਅੱਗੇ ਵੀ ਜਾਰੀ ਰਹੀ। ਅਖਿਲੇਸ਼ ਯਾਦਵ ਨੇ ਸ਼ਿਵਪਾਲ ਯਾਦਵ ਦੇ ਖਾਸਮ ਖਾਸ ਅਤੇ ਸੂਬੇ ਦੇ ਮੁਖ ਸਕੱਤਰ ਦੀਪਕ ਸਿੰਘਲ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ। ਹਾਲਾਂਕਿ ਅਖਿਲੇਸ਼ ਯਾਦਵ ਨੂੰ ਵੀ ਉੱਤਰ ਪ੍ਰਦੇਸ਼ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਉੱਤਰ ਪ੍ਰਦੇਸ਼ ਪਾਰਟੀ ਪ੍ਰਧਾਨ ਦੀ ਜਿੰਮੇਵਾਰੀ ਆਪਣੇ ਭਰਾ ਸ਼ਿਵਪਾਲ ਯਾਦਵ ਨੂੰ ਦਿੱਤੀ।
ਜਿਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਸ਼ਿਵਪਾਲ ਯਾਦਵ ਤੋਂ ਅਹਿਮ ਵਿਭਾਗਾਂ ਨੂੰ ਖੋਹ ਲਿਆ ਅਤੇ ਮੁੱਖ ਸਕੱਤਰ ਦੇ ਰੂਪ ਵਿਚ ਰਾਹੁਲ ਭਟਨਾਗਰ ਨੂੰ ਕੁਰਸੀ ਤੇ ਬਿਠਾਇਆ।ਪਾਰਟੀ ਵਿੱਚ ਉੱਠ ਰਹੇ ਬਾਗੀ ਸੁਰਾਂ ਨੂੰ ਵੇਖ ਕੇ ਸਮਾਜਵਾਦੀ ਪਾਰਟੀ ਦੇ ਕਈ ਲੀਡਰਾਂ ਨੇ ਅਸਤੀਫ਼ਾ ਵੀ ਦੇ ਦਿੱਤਾ ਸੀ। ਸਮਾਜਵਾਦੀ ਪਾਰਟੀ ਸੁਪਰੀਮੋ ਮੁਲਾਇਮ ਸਿੰਘ ਨੇ ਅਖਿਲੇਸ਼ ਯਾਦਵ ਅਤੇ ਰਾਮ ਗੋਪਾਲ ਯਾਦਵ ਨੂੰ ਅਨੁਸ਼ਾਸਨਹੀਨਤਾ ਦੇ ਇਲਜ਼ਾਮਾਂ ਹੇਠ ਸਮਾਜਵਾਦੀ ਪਾਰਟੀ ਤੋਂ 6 ਸਾਲ ਲਈ ਬਰਖਾਸਤ ਕਰਨ ਦਾ ਐਲਾਨ ਵੀ ਕੀਤਾ ਪਰ ਅਜਿਹਾ ਹੋਇਆ ਨਹੀਂ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਅਖਿਲੇਸ਼ ਯਾਦਵ ਦੇ ਚਾਚਾ ਸ਼ਿਵਪਾਲ ਯਾਦਵ ਨੇ ਆਪਣੀ ਵੱਖਰੀ ਪਾਰਟੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਬਣਾ ਲਈ।ਅਖਿਲੇਸ਼ ਯਾਦਵ ਅਤੇ ਸ਼ਿਵਪਾਲ ਯਾਦਵ ਦੇ ਵਿੱਚ ਦੂਰੀਆਂ ਅਤੇ ਸਿਆਸੀ ਲੜਾਈ ਅੱਜ ਵੀ ਜਾਰੀ ਹੈ। ਹਾਲਾਂਕਿ ਦੋਵਾਂ ਚਾਚਾ – ਭਤੀਜੇ ਦੇ ਵਿੱਚ ਨਜਦੀਕੀਆਂ ਦੀ ਖਬਰਾਂ ਵੀ ਸੁਨਣ ਨੂੰ ਮਿਲ ਰਹੀਆਂ ਹਨ।
ਠਾਕਰੇ ਪਰਿਵਾਰ ਦੇ ਬਾਗੀ ਸੁਰ
ਹਿੰਦੂਤਵ ਰਾਜਨੀਤੀ ਲਈ ਜਾਣੀ ਜਾਂਦੀ ਸ਼ਿਵ ਸੈਨਾ ਵੀ ਚਾਚਾ – ਭਤੀਜੇ ਦੀ ਲੜਾਈ ਤੋਂ ਬਹੁਤਾ ਦੂਰ ਨਹੀਂ ਰਹਿ ਸਕੀ। ਸ਼ਿਵ ਸੈਨਾ ਦੇ ਸੁਪਰੀਮੋ ਅਤੇ ਮੁੱਖੀ ਬਾਲ ਠਾਕਰੇ ਸਨ। ਨਵੇਂ ਪਾਰਟੀ ਪ੍ਰਧਾਨ ਦੀ ਚੋਣ ਵੇਲੇ ਬਾਲ ਠਾਕਰੇ ਨੇ ਆਪਣੇ ਸਪੁੱਤਰ ਊਧਵ ਠਾਕਰੇ ਨੂੰ ਚੁਣਿਆ ਅਤੇ ਪਾਰਟੀ ਦੀ ਕਮਾਨ ਊਧਵ ਠਾਕਰੇ ਦੇ ਹੱਥ ਵਿੱਚ ਸੌੰਪ ਦਿੱਤੀ।
ਹਾਲਾਂਕਿ ਰਾਜ ਠਾਕਰੇ ਦੀ ਸਿਆਸੀ ਸੋਚ ਅਤੇ ਸ਼ਖਸੀਅਤ ਨੂੰ ਵੇਖ ਕੇ ਇਹ ਲੱਗਦਾ ਸੀ ਕਿ ਪਾਰਟੀ ਦੀ ਕਮਾਨ ਰਾਜ ਠਾਕਰੇ ਨੂੰ ਦਿੱਤੀ ਜਾਵੇਗੀ ਪਰ ਅਜਿਹਾ ਹੋ ਨਹੀਂ ਸਕਿਆ। ਬਾਲ ਠਾਕਰੇ ਦੇ ਦੇਹਾਂਤ ਤੋਂ ਪਹਿਲਾਂ ਪਾਰਟੀ ਦੀ ਕਮਾਨ ਉਧਵ ਠਾਕਰੇ ਨੇ ਸੰਭਾਲ ਲਈ ਸੀ।
ਰੋਹ ਵਜੋਂ ਬਾਲ ਠਾਕਰੇ ਦੇ ਭਤੀਜੇ ਰਾਜ ਠਾਕਰੇ ਨੇ 2006 ਵਿੱਚ ਆਪਣੀ ਵੱਖਰੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੇਨਾ (MNS) ਬਣਾ ਲਈ ਸੀ। ਹਾਲ ਹੀ ਦੇ ਵਿੱਚ ਹੋਈਆਂ 2019 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਹਾਰਾਸ਼ਟਰ ਨਵਨਿਰਮਾਣ ਸੇਨਾ ਨੂੰ ਸਿਰਫ ਇੱਕ ਸੀਟ ਨਾਲ ਸੰਜੋਗ ਕਰਨਾ ਪਿਆ ਜਦਕਿ ਊਧਵ ਠਾਕਰੇ ਦੇ ਕਮਾਨ ਹੇਠ ਸ਼ਿਵ ਸੇਨਾ ਨੇ 56 ਸੀਟਾਂ ਜਿੱਤੀਆਂ ਅਤੇ ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)