Fact Check
ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਕਰੈਸ਼ ਹੋਏ ਜਹਾਜ਼ ਨੂੰ ਲੈ ਕੇ ਵਿਅਕਤੀ ਨੇ ਦਿੱਤਾ ਸੀ ਇਹ ਬਿਆਨ?
ਗੁਜਰਾਤ ਦੇ ਅਹਿਮਦਾਬਾਦ ਵਿੱਚ 12 ਜੂਨ 2025 ਨੂੰ ਇੱਕ ਦੁਖਦਾਈ ਅਤੇ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਏਅਰ ਇੰਡੀਆ ਦਾ ਯਾਤਰੀ ਜਹਾਜ਼ AI-171 ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਕੁੱਲ 242 ਯਾਤਰੀ ਸਵਾਰ ਸਨ। ਬੀਬੀਸੀ ਦੀ ਰਿਪੋਰਟ ਮੁਤਾਬ ਇਸ ਹਾਦਸੇ ਦੇ ਵਿੱਚ 241 ਯਾਤਰੀਆਂ ਸਮੇਤ ਕੁਲ 270 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਬਾਕੀ ਜਾਨਾਂ ਗੁਆਉਣ ਵਾਲੇ ਲੋਕ ਅਹਿਮਦਾਬਾਦ ਦੇ ਮੇਘਨਾਨਗਰ ਖੇਤਰ ਵਿੱਚ ਸਥਿਤ ਬੀ.ਜੇ. ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਕੈਂਪਸ ਨਾਲ ਜੁੜੇ ਹੋਏ ਹਨ।
ਇਸ ਵਿਚਾਲੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ 52 ਸੈਕਿੰਡ ਦੀ ਵੀਡੀਓ ਦੇ ਵਿੱਚ ਇੱਕ ਵਿਅਕਤੀ ਬਿਆਨ ਦਿੰਦਾ ਹੈ ਕਿ ਬੱਚਿਆਂ ਨੂੰ ਬਚਾਇਆ ਜਾ ਸਕਦਾ ਸੀ ਪਰ ਲੋਕ ਵੀਡੀਓ ਬਣਾਉਣ ਵਿੱਚ ਲੱਗੇ ਰਹੇ। ਇਸ ਵੀਡੀਓ ਨੂੰ ਅਹਿਮਦਾਬਾਦ ਹਵਾਈ ਹਾਦਸੇ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

Fact
ਅਸੀਂ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਇੱਕ ਕੀ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਸਾਨੂੰ ਸਰਚ ਦੇ ਦੌਰਾਨ ਇਹ ਵਾਇਰਲ ਵੀਡੀਓ ਟਾਈਮਜ਼ ਨਾਉ ਨਵਭਾਰਤ ਦੁਆਰਾ 10 ਜੂਨ 2025 ਨੂੰ ਅਪਲੋਡ ਮਿਲੀ ਜਿਸ ਦਾ ਕੈਪਸ਼ਨ ਸੀ, Delhi Dwarka News Today: ਅੱਗ ਦੇ ਕਾਰਨ ਕੁੱਦੇ ਪਿਤਾ ਅਤੇ 2 ਬੱਚੇ, ਰੋਂਦੇ ਚਸ਼ਮਦੀਦ ਦੀ ਅੱਖੀਂ ਦੇਖੀ ਚੌਕਾ ਦਵੇਗੀ। ਇਸ ਵੀਡੀਓ ਦੇ ਵਿੱਚ ਵਾਇਰਲ ਵੀਡੀਓ ਨੂੰ 2 ਮਿੰਟ 33 ਸੈਕਿੰਡ ਤੇ ਸੁਣਿਆ ਜਾ ਸਕਦਾ ਹੈ।
ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ, 10 ਜੂਨ ਨੂੰ ਦਿੱਲੀ ਦੇ ਦਵਾਰਕਾ ਸੈਕਟਰ-13 ਵਿੱਚ ਸ਼ਬਦ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਦੇ ਫਲੈਟ ਵਿੱਚ ਅੱਗ ਲੱਗ ਗਈ। ਅੱਗ ਤੋਂ ਬਚਣ ਲਈ ਇੱਕ ਵਿਅਕਤੀ ਨੇ ਦੋ ਬੱਚਿਆਂ ਸਮੇਤ ਬਾਲਕੋਨੀ ਤੋਂ ਛਾਲ ਮਾਰ ਦਿੱਤੀ, ਜਿਸ ਵਿੱਚ ਤਿੰਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 35 ਸਾਲਾ ਯਸ਼ ਯਾਦਵ, ਉਸਦੀ 12 ਸਾਲਾ ਧੀ ਆਸ਼ਿਮਾ ਅਤੇ 10 ਸਾਲਾ ਭਤੀਜੇ ਸ਼ਿਵਮ ਵਜੋਂ ਹੋਈ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਇਸ ਚਸ਼ਮਦੀਦ ਦੀ ਵੀਡੀਓ ਕਈ ਹੋਰ ਮੀਡਿਆ ਅਦਾਰਿਆਂ ਦੁਆਰਾ ਵੀ ਅਪਲੋਡ ਮਿਲੀ। ਆਜ ਤਕ ਦੁਆਰਾ ਅਪਲੋਡ ਵੀਡੀਓ ਦੇ ਮੁਤਾਬਕ ਵੀ ਦਿੱਲੀ ਦੇ ਦਵਾਰਕਾ ਦੇ ਸੈਕਟਰ 13 ਵਿੱਚ ਇੱਕ ਸੋਸਾਇਟੀ ਦੀ ਅੱਠਵੀਂ ਅਤੇ ਨੌਵੀਂ ਮੰਜ਼ਿਲ ‘ਤੇ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ 35 ਸਾਲਾ ਪਿਤਾ ਅਤੇ ਉਸਦੇ ਦੋ ਬੱਚਿਆਂ ਨੇ ਅੱਗ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬਾਲਕੋਨੀ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਅਤੇ ਪਰਿਵਾਰ ਕੋਲ ਬਚਣ ਦਾ ਕੋਈ ਹੋਰ ਰਸਤਾ ਨਹੀਂ ਸੀ। ਇਸ ਵੀਡੀਓ ਵਿੱਚ ਵੀ ਚਸ਼ਮਦੀਦ ਨੂੰ ਬਿਆਨ ਦਿੰਦਿਆਂ ਸੁਣਿਆ ਜਾ ਸਕਦਾ ਹੈ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਦਾ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਕਰੈਸ਼ ਹੋਏ ਜਹਾਜ਼ ਨਾਲ ਕੋਈ ਸੰਬੰਧ ਨਹੀਂ ਹੈ। ਵਿਅਕਤੀ ਨੇ ਇਹ ਬਿਆਨ ਦਿੱਲੀ ਦੇ ਦਵਾਰਕਾ ਸੈਕਟਰ-13 ਵਿੱਚ ਸ਼ਬਦ ਅਪਾਰਟਮੈਂਟ ‘ਚ 10 ਜੂਨ, 2025 ਨੂੰ ਲੱਗੀ ਅੱਗ ਦੇ ਸੰਦਰਭ ਵਿੱਚ ਦਿੱਤਾ ਸੀ।
Our Sources
YouTube video uploaded by Times Now NavBharat, Dated June 10, 2025
Media report published by Aaj Tak, Dated June 10, 2025