Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਉੱਤਰਾਖੰਡ ਦੇ ਧਰਾਲੀ ਵਿੱਚ ਚਿਨੂਕ ਹੈਲੀਕਾਪਟਰ ਰਾਹੀਂ ਜੇਸੀਬੀ ਪਹੁੰਚਾਈ ਗਈ
ਵਾਇਰਲ ਤਸਵੀਰ ਨੂੰ ਡਿਜੀਟਲ ਰੂਪ ਵਿੱਚ ਐਡਿਟ ਕੀਤਾ ਗਿਆ ਹੈ ਅਤੇ ਗਲਤ ਤਰੀਕੇ ਨਾਲ ਉੱਤਰਾਖੰਡ ਆਫ਼ਤ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
5 ਅਗਸਤ, 2025 ਨੂੰ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਧਰਾਲੀ ਪਿੰਡ ਵਿੱਚ ਖੀਰ ਗੰਗਾ ਨਦੀ ਦੇ ਕੈਚਮੈਂਟ ਖੇਤਰ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ। ਬੱਦਲ ਫਟਣ ਦੇ ਕਾਰਨ ਹੁਣ ਤੱਕ 4 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਬੱਦਲ ਫਟਣ ਕਾਰਨ ਆਫ਼ਤ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ 274 ਵਿਅਕਤੀਆਂ ਨੂੰ ਵੀਰਵਾਰ ਨੂੰ ਹਰਸਿਲ ਲਿਆਂਦਾ ਗਿਆ, ਜਿਸ ਨਾਲ ਬਚਾਏ ਗਏ ਲੋਕਾਂ ਦੀ ਕੁੱਲ ਗਿਣਤੀ 409 ਹੋ ਗਈ।
ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਾਰਤੀ ਹਵਾਈ ਸੈਨਾ ਦਾ ਚਿਨੂਕ ਹੈਲੀਕਾਪਟਰ ਇੱਕ ਜੇਸੀਬੀ ਐਕਸੈਵੇਟਰ ਮਸ਼ੀਨ ਨੂੰ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਤਰਾਖੰਡ ਵਿੱਚ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋਣ ਕਾਰਨ ਜੇਸੀਬੀ ਨੂੰ ਚਿਨੂਕ ਹੈਲੀਕਾਪਟਰ ਰਾਹੀਂ ਧਰਾਲੀ ਲਿਜਾਇਆ ਗਿਆ ਸੀ।

ਇਸ ਦਾਅਵੇ ਨੂੰ ਯੂ ਟਿਊਬ ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ।
ਉਤਰਾਖੰਡ ਦੇ ਧਰਾਲੀ ਵਿੱਚ ਇੱਕ ਚਿਨੂਕ ਹੈਲੀਕਾਪਟਰ ਦੁਆਰਾ ਇੱਕ ਜੇਸੀਬੀ ਲੈ ਕੇ ਜਾਣ ਦੇ ਦਾਅਵੇ ਨਾਲ ਸਾਂਝੀ ਕੀਤੀ ਜਾ ਰਹੀ ਤਸਵੀਰ ਦੀ ਜਾਂਚ ਕਰਦੇ ਹੋਏ ਸਾਨੂੰ ਕੁਝ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਬਚਾਅ ਕਾਰਜ ਵਿੱਚ ਭਾਰਤੀ ਹਵਾਈ ਸੈਨਾ ਦੇ ਚਿਨੂਕ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ, ਵਾਇਰਲ ਪੋਸਟਾਂ ਨੂੰ ਛੱਡ ਕੇ ਨਾ ਤਾਂ ਇਹ ਤਸਵੀਰ ਅਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਕਿਸੇ ਭਰੋਸੇਯੋਗ ਰਿਪੋਰਟ ਵਿੱਚ ਮਿਲੀ।
ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ 6 ਮਈ, 2022 ਨੂੰ ਜ਼ੀ ਨਿਊਜ਼ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਚਿਨੂਕ ਹੈਲੀਕਾਪਟਰ ਦੀ ਸਹੀ ਤਸਵੀਰ ਮਿਲੀ ਪਰ ਇਸ ਤਸਵੀਰ ਵਿੱਚ ਹੈਲੀਕਾਪਟਰ ਨੇ ਜੇਸੀਬੀ ਨਹੀਂ ਸਗੋਂ ਇੱਕ ਹੋਵਿਟਜ਼ਰ ਬੰਦੂਕ ਚੁੱਕੀ ਹੋਈ ਸੀ।

ਇਹ ਤਸਵੀਰ 2020 ਦੀ ਰੈਡਿਫ ਰਿਪੋਰਟ ਵਿੱਚ ਮਿਲੀ ਜਿਸ ਵਿੱਚ ਕਿਹਾ ਗਿਆ ਸੀ ਕਿ ਹਿੰਡਨ ਏਅਰਬੇਸ ‘ਤੇ ਏਅਰ ਫੋਰਸ ਡੇਅ ਡਰੈਸ ਰਿਹਰਸਲ ਦੌਰਾਨ ਇੱਕ CH-47 ਚਿਨੂਕ ਹੈਲੀਕਾਪਟਰ ਇੱਕ ਹੋਵਿਟਜ਼ਰ ਬੰਦੂਕ ਲੈ ਕੇ ਜਾ ਰਿਹਾ ਹੈ।
ਵਾਇਰਲ ਤਸਵੀਰ ਅਤੇ ਜ਼ੀ ਨਿਊਜ਼ ਦੀ ਤਸਵੀਰ ਦੇ ਵਿਸ਼ਲੇਸ਼ਣ ਵਿੱਚ ਕਈ ਸਮਾਨਤਾਵਾਂ ਸਾਹਮਣੇ ਆਈਆਂ – ਜਿਵੇਂ ਕਿ ਰੋਟਰ ਬਲੇਡਾਂ ਦੇ ਪਰਛਾਵੇਂ ਇੱਕੋ ਥਾਂ ‘ਤੇ ਹਨ, ਬਲੇਡਾਂ ਦੀ ਇੱਕੋ ਸਥਿਤੀ ਅਤੇ ਹੇਠਾਂ ਲਟਕਦੀਆਂ ਕੇਬਲਾਂ। ਫਰਕ ਸਿਰਫ਼ ਇੰਨਾ ਸੀ ਕਿ ਇੱਕ ਵਿੱਚ ਜੇਸੀਬੀ ਜਦੋਂ ਕਿ ਦੂਜੇ ਵਿੱਚ ਹੋਵਿਟਜ਼ਰ ਬੰਦੂਕ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਤਸਵੀਰਾਂ ਨੂੰ ਦੇਖਕੇ ਇੰਝ ਜਾਪਦਾ ਹੈ ਕਿ ਤੋਪ ਦੀ ਥਾਂ ‘ਤੇ JCB ਮਸ਼ੀਨ ਲਗਾਈ ਗਈ ਹੈ। ਗੂਗਲ ਸਰਚ ‘ਤੇ JCB ਅਕਸਾਵੇਟਰ ਦੀ ਹੁਬੂਹੁ ਤਸਵੀਰਾਂ ਆਸਾਨੀ ਨਾਲ ਮਿਲ ਗਈਆਂ।

ਵਾਇਰਲ ਤਸਵੀਰ ਦੇ ਪਿੱਛੇ ਦਿਖਾਈ ਦੇ ਰਿਹਾ ਦ੍ਰਿਸ਼ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹ ਤੋਂ ਬਾਅਦ ਧਰਾਲੀ ਬਾਜ਼ਾਰ ਦਾ ਹੈ, ਜੋ ਕਿ ਕਈ ਮੀਡੀਆ ਰਿਪੋਰਟਾਂ ਵਿੱਚ ਵੀ ਮੌਜੂਦ ਹੈ ।

ਇਸ ਤੋਂ ਇਲਾਵਾ ਜਦੋਂ ਵਾਇਰਲ ਤਸਵੀਰ ਨੂੰ ਫੇਕ ਇਮੇਜ ਡਿਟੈਕਟਰ ਸਾਈਟਾਂ ‘ਤੇ ਚੈਕ ਕੀਤਾ ਤਾਂ ਇਸ ਨੂੰ ਕੰਪਿਊਟਰ ਦੁਆਰਾ ਤਿਆਰ ਕੀਤੀ ਗਈ ਜਾਂ ਸੰਪਾਦਿਤ ਕੀਤੀ ਗਈ ਤਸਵੀਰ ਦੱਸਿਆ।

ਜਾਂਚ ਦੌਰਾਨ, ਸਾਨੂੰ ਉੱਤਰਾਖੰਡ ਪੁਲਿਸ ਦੀ ਇੱਕ ਫੇਸਬੁੱਕ ਪੋਸਟ ਮਿਲੀ ਜਿਸ ਵਿੱਚ ਦੱਸਿਆ ਗਿਆ ਕਿ ਇਹ ਫੋਟੋ ਧਰਾਲੀ ਆਫ਼ਤ ਬਚਾਅ ਨਾਲ ਸਬੰਧਤ ਨਹੀਂ ਹੈ।

ਇਸ ਤੋਂ ਇਲਾਵਾ ਅਸੀਂ ਉੱਤਰਕਾਸ਼ੀ ਵਿੱਚ ਜ਼ਮੀਨੀ ਰਿਪੋਰਟਿੰਗ ਕਰ ਰਹੇ ਕੁਝ ਪੱਤਰਕਾਰਾਂ ਨਾਲ ਵੀ ਗੱਲ ਕੀਤੀ। ਇੱਕ ਪੱਤਰਕਾਰ ਨੇ ਨਿਊਜ਼ਚੈਕਰ ਨੂੰ ਦੱਸਿਆ ਕਿ ਚਿਨੂਕ ਦੀ ਵਰਤੋਂ ਬਚਾਅ ਕਾਰਜਾਂ ਵਿੱਚ ਕੀਤੀ ਗਈ ਹੈ, ਪਰ ਸਿਰਫ਼ ਲੋਕਾਂ ਨੂੰ ਬਚਾਉਣ ਅਤੇ ਜਨਰੇਟਰ ਲਿਜਾਣ ਲਈ। ਕਿਤੇ ਵੀ ਜੇਸੀਬੀ ਭੇਜਣ ਦੀ ਕੋਈ ਚਰਚਾ ਨਹੀਂ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਤਸਵੀਰ ਨੂੰ ਡਿਜੀਟਲ ਰੂਪ ਵਿੱਚ ਐਡਿਟ ਕੀਤਾ ਗਿਆ ਹੈ ਅਤੇ ਗਲਤ ਤਰੀਕੇ ਨਾਲ ਉੱਤਰਾਖੰਡ ਆਫ਼ਤ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
Sources
Amar Ujala report, August 8, 2025
Dainik Bhaskar report, August 7, 2025
Zee News report, May 6, 2022
Rediff news report, October 8, 2020
Hindustan Times report, August 5, 2025
Uttarakhand Police Facebook post
Uttarkashi Police X post
Fake News Detector
Telephonic conversation with local journalists