Authors
Claim
ਪਾਕਿਸਤਾਨੀ ਹੱਬ ਪਾਵਰ ਕੰਪਨੀ ਨੇ ਭਾਰਤ ਵਿੱਚ ਖਰੀਦੇ ਇਲੈਕਟੋਰਲ ਬੌਂਡ
Fact
ਪਾਕਿਸਤਾਨੀ ਕੰਪਨੀ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਚੋਣ ਕਮਿਸ਼ਨ ਨੇ 14 ਮਾਰਚ 2024 ਦੀ ਸ਼ਾਮ ਨੂੰ ਆਪਣੀ ਵੈੱਬਸਾਈਟ ‘ਤੇ ਚੋਣ ਬਾਂਡ ਨਾਲ ਸਬੰਧਤ ਡਾਟਾ ਜਾਰੀ ਕੀਤਾ। ਇਸ ਡੇਟਾ ਵਿੱਚ ਦੱਸਿਆ ਗਿਆ ਕਿ ਕਿਸ ਕੰਪਨੀ ਜਾਂ ਵਿਅਕਤੀ ਨੇ ਕਿਸ ਤਰੀਕ ਨੂੰ ਕਿੰਨੇ ਰੁਪਏ ਦੇ ਇਲੈਕਟੋਰਲ ਬਾਂਡ ਖਰੀਦੇ ਸਨ ਅਤੇ ਇਹ ਵੀ ਦੱਸਿਆ ਗਿਆ ਕਿ ਕਦੋਂ ਅਤੇ ਕਿਸ ਰਾਜਨੀਤਿਕ ਪਾਰਟੀ ਨੂੰ ਇਲੈਕਟੋਰਲ ਬਾਂਡ ਦੇ ਰੂਪ ਵਿੱਚ ਕਿੰਨੇ ਰੁਪਏ ਦਾ ਚੰਦਾ ਮਿਲਿਆ।
ਇਲੈਕਟੋਰਲ ਬਾਂਡ ਦਾ ਡਾਟਾ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਦਾਅਵਾ ਵਾਇਰਲ ਹੋਣ ਲੱਗਾ ਜਿਸ ‘ਚ ਦੱਸਿਆ ਗਿਆ ਕਿ ਪਾਕਿਸਤਾਨ ਦੀ ਪਾਵਰ ਕੰਪਨੀ ‘ਹੱਬ ਪਾਵਰ ਕੰਪਨੀ’ ਨੇ ਚੋਣ ਬਾਂਡ ਖਰੀਦ ਕੇ ਭਾਰਤੀ ਸਿਆਸੀ ਪਾਰਟੀਆਂ ਨੂੰ ਚੰਦਾ ਦਿੱਤਾ ਹੈ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਦੋ ਵੱਖ-ਵੱਖ ਸੂਚੀਆਂ ਜਾਰੀ ਕੀਤੀਆਂ। ਪਹਿਲੀ ਸੂਚੀ ਵਿੱਚ ਉਨ੍ਹਾਂ ਕੰਪਨੀਆਂ ਦੇ ਵੇਰਵੇ ਹਨ ਜਿਨ੍ਹਾਂ ਨੇ ਵੱਖ-ਵੱਖ ਪੈਸਿਆਂ ਦੇ ਚੋਣ ਬਾਂਡ ਖਰੀਦੇ ਸਨ ਜਦੋਂਕਿ ਦੂਜੀ ਸੂਚੀ ਵਿੱਚ ਸਿਆਸੀ ਪਾਰਟੀਆਂ ਵੱਲੋਂ ਪ੍ਰਾਪਤ ਚੋਣ ਬਾਂਡਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਸੂਚੀ ‘ਚ ਇਹ ਸਪੱਸ਼ਟ ਨਹੀਂ ਹੈ ਕਿ ਕਿਹੜੀ ਕੰਪਨੀ ਨੇ ਕਿਸ ਸਿਆਸੀ ਪਾਰਟੀ ਨੂੰ ਚੰਦਾ ਦਿੱਤਾ ਹੈ।
ਚੋਣ ਕਮਿਸ਼ਨ ਵੱਲੋਂ ਅਪਲੋਡ ਕੀਤੀ ਗਈ ਜਾਣਕਾਰੀ ਮੁਤਾਬਕ ਦੇਸ਼ ਦੀ ਸੱਤਾਧਾਰੀ ਪਾਰਟੀ ਨੂੰ ਇਲੈਕਟੋਰਲ ਬਾਂਡਾਂ ਰਾਹੀਂ ਕਰੀਬ 6060.5 ਕਰੋੜ ਰੁਪਏ ਦਾ ਚੰਦਾ ਮਿਲਿਆ , ਜਦਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਕਰੀਬ 1421.8 ਕਰੋੜ ਰੁਪਏ ਦਾ ਚੰਦਾ ਮਿਲਿਆ। ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਨੂੰ ਕਰੀਬ 1609.5 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ।
ਵਾਇਰਲ ਦਾਅਵੇ ਨੂੰ ਚੋਣ ਬਾਂਡ ਦੀ ਸੂਚੀ ਦੇ ਨਾਲ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਜਾ ਰਿਹਾ ਹੈ। ਸੂਚੀ ਦੇ ਨਾਲ ਵਿਕੀਪੀਡੀਆ ‘ਤੇ ਉਪਲਬਧ ਪਾਕਿਸਤਾਨ ਦੀ ਹੱਬ ਪਾਵਰ ਕੰਪਨੀ ਦਾ ਇੱਕ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ ਗਿਆ ਹੈ।
ਕਈ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਕਿ ਹੱਬ ਪਾਵਰ ਕੰਪਨੀ ਨੇ ਇਹ ਚੰਦਾ ਭਾਜਪਾ ਨੂੰ ਦਿੱਤਾ। ਇਸ ਦੇ ਨਾਲ ਹੀ ਕੁਝ ਯੂਜ਼ਰਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਕੰਪਨੀ ਨੇ ਕਾਂਗਰਸ ਨੂੰ ਦਾਨ ਦਿੱਤਾ ਸੀ ।
Fact Check/Verification
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਪਾਕਿਸਤਾਨ ਸਥਿਤ ਹੱਬ ਪਾਵਰ ਕੰਪਨੀ ਲਿਮਟਿਡ ਦੀ ਵੈਬਸਾਈਟ ਦੀ ਖੋਜ ਕੀਤੀ। ਇਸ ਦੌਰਾਨ ਅਸੀਂ ਪਾਇਆ ਕਿ ਪਾਕਿਸਤਾਨੀ ਕੰਪਨੀ ਦਾ ਪੂਰਾ ਨਾਮ ਦਿ ਹੱਬ ਪਾਵਰ ਕੰਪਨੀ ਲਿਮਿਟੇਡ (ਹਬਕੋ) ਹੈ, ਜਦੋਂ ਕਿ ਸੂਚੀ ਵਿੱਚ ਮੌਜੂਦ ਕੰਪਨੀ ਦਾ ਨਾਮ “ਹੱਬ ਪਾਵਰ ਕੰਪਨੀ” ਹੈ।
ਇਸ ਤੋਂ ਬਾਅਦ ਅਸੀਂ ਵੈਬਸਾਈਟ ‘ਤੇ ਮੌਜੂਦ “ਸਾਡੇ ਬਾਰੇ” ਨੂੰ ਖੋਜਿਆ। ਅਸੀਂ ਪਾਇਆ ਕਿ ਇਹ ਪਾਕਿਸਤਾਨ ਦੀ ਸਭ ਤੋਂ ਵੱਡੀ ਬਿਜਲੀ ਪੈਦਾ ਕਰਨ ਵਾਲੀ ਕੰਪਨੀ ਹੈ, ਜਿਸ ਦੇ ਬਲੋਚਿਸਤਾਨ, ਪੰਜਾਬ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਪਲਾਂਟ ਹਨ। ਇਸ ਤੋਂ ਇਲਾਵਾ ਵੈਬਸਾਈਟ ‘ਤੇ ਇਹ ਵੀ ਦੱਸਿਆ ਗਿਆ ਹੈ ਕਿ ਕੰਪਨੀ ਦੀ ਕਈ ਵੱਖ-ਵੱਖ ਪਾਕਿਸਤਾਨੀ ਕੰਪਨੀਆਂ ‘ਚ ਹਿੱਸੇਦਾਰੀ ਹੈ ਅਤੇ ਇਹ ਚੀਨ ਦੀ ‘ਚਾਈਨਾ ਪਾਵਰ ਇੰਟਰਨੈਸ਼ਨਲ ਹੋਲਡਿੰਗ ਲਿਮਟਿਡ’ ਨਾਲ ਸਾਂਝਾ ਕੰਮ ਕਰ ਰਹੀ ਹੈ।
ਜਾਂਚ ਦੌਰਾਨ, ਸਾਨੂੰ 15 ਮਾਰਚ, 2024 ਨੂੰ HUBCO ਦੇ ਅਧਿਕਾਰਤ X ਖਾਤੇ ਦੁਆਰਾ ਟਵੀਟ ਕੀਤਾ ਗਿਆ ਇੱਕ ਸਪਸ਼ਟੀਕਰਨ ਵੀ ਮਿਲਿਆ। ਜਾਰੀ ਕੀਤੇ ਗਏ ਸਪਸ਼ਟੀਕਰਨ ਵਿੱਚ, ਹੱਬਕੋ ਨੇ ਲਿਖਿਆ, “ਸਾਡੇ ਧਿਆਨ ਵਿੱਚ ਆਇਆ ਹੈ ਕਿ ਹੱਬਕੋ ਨੂੰ ਭਾਰਤ ਵਿੱਚ ਚੋਣ ਬਾਂਡਾਂ ਬਾਰੇ ਲਿੰਕ ਕੀਤਾ ਜਾ ਰਿਹਾ ਹੈ, ਜਿਸ ਵਿੱਚ “ਹੱਬ ਪਾਵਰ ਕੰਪਨੀ” ਨਾਮ ਦੀ ਇੱਕ ਭਾਰਤੀ ਕੰਪਨੀ ਵੀ ਸ਼ਾਮਲ ਹੈ। ਅਸੀਂ ਸਪੱਸ਼ਟ ਤੌਰ ‘ਤੇ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਇਸ ਮਾਮਲੇ ਵਿੱਚ ਕੋਈ ਸਬੰਧ ਨਹੀਂ ਹੈ। ਅਸੀਂ ਪਾਕਿਸਤਾਨ ਤੋਂ ਬਾਹਰ ਜੋ ਵੀ ਭੁਗਤਾਨ ਕਰਦੇ ਹਾਂ, ਉਹ ਸਟੇਟ ਬੈਂਕ ਆਫ਼ ਪਾਕਿਸਤਾਨ (SBP) ਦੀ ਮਨਜ਼ੂਰੀ ਤੋਂ ਬਾਅਦ ਹੀ ਕੀਤਾ ਜਾਂਦਾ ਹੈ।
ਅਸੀਂ ਚੋਣ ਬਾਂਡ ਦੇ ਨਿਯਮਾਂ ਦਾ ਪਤਾ ਲਗਾਇਆ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਕੋਈ ਵਿਦੇਸ਼ੀ ਕੰਪਨੀ ਭਾਰਤ ਵਿੱਚ ਚੋਣ ਬਾਂਡ ਖਰੀਦ ਕੇ ਕਿਸੇ ਸਿਆਸੀ ਪਾਰਟੀ ਨੂੰ ਸਿੱਧੇ ਤੌਰ ‘ਤੇ ਦਾਨ ਕਰ ਸਕਦੀ ਹੈ। ਇਸ ਦੌਰਾਨ ਸਾਨੂੰ 2 ਜਨਵਰੀ, 2018 ਨੂੰ ਵਿੱਤ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਰਿਲੀਜ਼ ਪ੍ਰਾਪਤ ਹੋਈ।
ਪ੍ਰੈਸ ਰਿਲੀਜ਼ ਵਿੱਚ ਮੌਜੂਦ ਪਹਿਲੇ ਨੁਕਤੇ ਦੇ ਅਨੁਸਾਰ, ਸਿਰਫ ਭਾਰਤ ਦਾ ਨਾਗਰਿਕ ਜਾਂ ਸੰਸਥਾ ਬਾਂਡ ਖਰੀਦਣ ਦੇ ਯੋਗ ਹੈ।
ਸਾਡੀ ਜਾਂਚ ਵਿੱਚ ਹੁਣ ਤੱਕ ਮਿਲੇ ਸਬੂਤਾਂ ਤੋਂ ਇਹ ਸਪੱਸ਼ਟ ਹੈ ਕਿ ਕੋਈ ਵੀ ਵਿਦੇਸ਼ੀ ਕੰਪਨੀ, ਜੋ ਕਿਸੇ ਵੀ ਤਰ੍ਹਾਂ ਭਾਰਤ ਨਾਲ ਸਿੱਧੇ ਤੌਰ ‘ਤੇ ਜੁੜੀ ਨਹੀਂ ਹੈ, ਉਹ ਆਪਣੇ ਨਾਮ ‘ਤੇ ਚੋਣ ਬਾਂਡ ਨਹੀਂ ਖਰੀਦ ਸਕਦੀ।ਇਸ ਲਈ ਇਹ ਦਾਅਵਾ ਕਰਨਾ ਕਿ ਪਾਕਿਸਤਾਨ ਦੀ “ਦਿ ਹੱਬ ਪਾਵਰ ਕੰਪਨੀ ਲਿਮਟਿਡ” (ਹਬਕੋ) ਨੇ ਭਾਰਤ ਵਿੱਚ ਚੋਣ ਬਾਂਡ ਖਰੀਦੇ ਹਨ ਅਤੇ ਇਸ ਨੂੰ ਇੱਕ ਰਾਜਨੀਤਿਕ ਪਾਰਟੀ ਨੂੰ ਦਾਨ ਕਰ ਦਿੱਤਾ ਹੈ, ਇਹ ਦਾਅਵਾ ਗ਼ਲਤ ਹੈ।
ਹੱਬ ਪਾਵਰ ਕੰਪਨੀ ਦੀ ਜਾਂਚ ਵਿੱਚ ਹੁਣ ਤੱਕ ਸਾਨੂੰ ਕੀ ਮਿਲਿਆ ਹੈ?
ਹੁਣ ਅਸੀਂ ਸੂਚੀ ਵਿੱਚ ਮੌਜੂਦ ਭਾਰਤੀ ਹੱਬ ਪਾਵਰ ਕੰਪਨੀ ਦੀ ਜਾਂਚ ਕੀਤੀ। ਅਸੀਂ ਇਸ ਕੰਪਨੀ ਦੇ ਵੇਰਵਿਆਂ ਨੂੰ opencorporates.com ‘ਤੇ ਖੋਜਿਆ, ਇਸ ਵੈਬਸਾਈਟ ਵਿੱਚ ਵਿਸ਼ਵ ਪੱਧਰ ਦੇ ਕਾਰਪੋਰੇਟ ਕੰਪਨੀਆਂ ਦੇ ਵੇਰਵੇ ਸ਼ਾਮਲ ਹਨ ਪਰ ਅਸੀਂ ਭਾਰਤ ਵਿੱਚ ਰਜਿਸਟਰਡ ਇਸ ਨਾਮ ਜਾਂ ਸਮਾਨ ਨਾਮ ਵਾਲੀ ਕੋਈ ਕੰਪਨੀ ਨਹੀਂ ਲੱਭ ਸਕੇ।
ਇਸ ਤੋਂ ਬਾਅਦ ਅਸੀਂ ਗੂਗਲ ‘ਤੇ ਕੁਝ ਕੀਵਰਡ ਦੇ ਜ਼ਰੀਏ ਸਰਚ ਕੀਤੇ। ਇਸ ਸਮੇਂ ਦੌਰਾਨ ਸਾਨੂੰ ਭਾਰਤੀ ਵੈਬਸਾਈਟਾਂ ਇੰਡੀਆ ਮਾਰਟ ਅਤੇ ਜਸਟ ਡਾਇਲ ‘ ਤੇ “ਹੱਬ ਪਾਵਰ ਕੰਪਨੀ” ਦਾ ਪ੍ਰੋਫਾਈਲ ਮਿਲਿਆ।ਦੋਵਾਂ ਵੈਬਸਾਈਟਾਂ ‘ਤੇ ਕੰਪਨੀ ਬਾਰੇ ਦਿੱਤੀ ਗਈ ਜਾਣਕਾਰੀ ਵਿੱਚ ਇੱਕੋ GST ਨੰਬਰ GSTIN: 07BWNPM0985J1ZX ਅਤੇ ਪਤਾ S/f- 2/40, Delhi-110031 ਲਿਖਿਆ ਗਿਆ ਸੀ।
ਅਸੀਂ GST ਦੀ ਅਧਿਕਾਰਤ ਵੈੱਬਸਾਈਟ ‘ ਤੇ ਜਾਂਚ ਦੌਰਾਨ ਮਿਲੇ GST ਨੰਬਰ ਦੀ ਖੋਜ ਕੀਤੀ। ਅਸੀਂ ਦੇਖਿਆ ਕਿ ਇਹ ਕੰਪਨੀ ਰਵੀ ਮਹਿਰਾ ਦੇ ਨਾਂ ‘ਤੇ ਰਜਿਸਟਰਡ ਹੈ। ਅਸੀਂ ਇਹ ਵੀ ਦੇਖਿਆ ਕਿ ਇਸ ਕੰਪਨੀ ਦਾ ਕਾਰੋਬਾਰ ਦਾ ਐਡਰੈਸ ਗੀਤਾ ਕਲੋਨੀ ਬਲਾਕ ਨੰਬਰ 2 ਦੀ ਬਿਲਡਿੰਗ ਨੰਬਰ 40 ਦੀ ਦੂਜੀ ਮੰਜ਼ਿਲ ‘ਤੇ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਸ ਕੰਪਨੀ ਦੀ ਜੀਐਸਟੀ ਰਜਿਸਟ੍ਰੇਸ਼ਨ 12 ਨਵੰਬਰ 2018 ਨੂੰ ਕੀਤੀ ਗਈ ਸੀ, ਪਰ ਬਾਅਦ ਵਿੱਚ ਇਸ ਨੂੰ ਖੁਦ ਹੀ ਰੱਦ ਕਰ ਦਿੱਤਾ ਗਿਆ ਸੀ।
ਇਸ ਕੰਪਨੀ ਬਾਰੇ ਕੋਈ ਹੋਰ ਠੋਸ ਜਾਣਕਾਰੀ ਨਾ ਹੋਣ ਕਾਰਨ ਅਸੀਂ ਗੀਤਾ ਕਲੋਨੀ ਦੇ ਦਿੱਤੇ ਪਤੇ ‘ਤੇ ਪਹੁੰਚੇ। ਗੀਤਾ ਕਲੋਨੀ ਦੇ ਬਲਾਕ ਨੰਬਰ 2 ਵਿੱਚ 40 ਨੰਬਰ ਵਾਲੇ ਦੋ ਮਕਾਨ ਹਨ। ਪਹਿਲੇ ਘਰ ਵਿਚ ਜਿਸ ਦਾ ਰੰਗ ਚਿੱਟਾ ਸੀ, ਸਾਨੂੰ ਇਕ ਬਜ਼ੁਰਗ ਔਰਤ ਮਿਲੀ। ਜਦੋਂ ਅਸੀਂ ਉਹਨਾਂ ਨੂੰ ਰਵੀ ਮਹਿਰਾ ਐਂਡ ਪਾਵਰ ਹੱਬ ਕੰਪਨੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਦੂਜੇ ਪਾਸੇ ਰਵੀ ਨਾਂ ਦੇ ਵਿਅਕਤੀ ਦਾ ਘਰ 40 ਨੰਬਰ ’ਤੇ ਹੈ।
ਇਸ ਤੋਂ ਬਾਅਦ ਅਸੀਂ ਉਸ ਘਰ ਵੀ ਪਹੁੰਚੇ ਪਰ ਉਹ ਘਰ ਬੰਦ ਸੀ। ਘਰ ਦੇ ਗੇਟ ‘ਤੇ 2/40 ਲਿਖਿਆ ਹੋਇਆ ਸੀ, ਜੋ ਜੀਐਸਟੀ ਦੀ ਵੈੱਬਸਾਈਟ ‘ਤੇ ਵੀ ਮੌਜੂਦ ਹੈ। ਇਸ ਤੋਂ ਬਾਅਦ ਅਸੀਂ ਉਥੇ ਮੌਜੂਦ ਹੋਰ ਲੋਕਾਂ ਤੋਂ ਘਰ ਦੇ ਮਾਲਕ ਅਤੇ ਪਾਵਰ ਹੱਬ ਕੰਪਨੀ ਬਾਰੇ ਪੁੱਛਿਆ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਘਰ ਦੇ ਮਾਲਕ ਦਾ ਨਾਂ ਰਵੀ ਅਰੋੜਾ ਹੈ ਅਤੇ ਉਹ ਕੋਈ ਵਪਾਰੀ ਨਹੀਂ ਸਗੋਂ ਸਰਕਾਰੀ ਮੁਲਾਜ਼ਮ ਹੈ। ਇਸ ਤੋਂ ਬਾਅਦ, ਅਸੀਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਪੁੱਛਿਆ ਕਿ ਕੀ ਹਾਲ ਦੇ ਸਾਲਾਂ ਵਿੱਚ ਇਸ ਘਰ ਤੋਂ ਕੋਈ ਕਾਰੋਬਾਰ ਚਲਾਇਆ ਗਿਆ ਸੀ? ਉਨ੍ਹਾਂ ਨੇ ਕਿਹਾ, “ਅਸੀਂ ਪਿਛਲੇ 10 ਸਾਲਾਂ ਵਿੱਚ ਇੱਥੇ ਹੱਬ ਪਾਵਰ ਕੰਪਨੀ ਦੇ ਨਾਮ ਹੇਠ ਕੋਈ ਕਾਰੋਬਾਰ ਜਾਂ ਕੋਈ ਹੋਰ ਕਾਰੋਬਾਰ ਚੱਲਦਾ ਨਹੀਂ ਦੇਖਿਆ ਹੈ।”
ਇਸ ਤੋਂ ਬਾਅਦ ਅਸੀਂ ਘਰ ਦੇ ਮਾਲਕ ਰਵੀ ਅਰੋੜਾ ਨਾਲ ਵੀ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ “ਮੈਂ ਅਜਿਹੀ ਕੋਈ ਕੰਪਨੀ ਨਹੀਂ ਚਲਾਉਂਦਾ ਹਾਂ ਅਤੇ ਨਾ ਹੀ ਮੈਂ ਕਿਸੇ ਰਵੀ ਮਹਿਰਾ ਨੂੰ ਨਿੱਜੀ ਤੌਰ ‘ਤੇ ਜਾਣਦਾ ਹਾਂ। ਮੈਂ ਕੇਂਦਰ ਸਰਕਾਰ ਦਾ ਕਰਮਚਾਰੀ ਹਾਂ ਅਤੇ ਮੈਂ ਆਪਣੇ ਪਰਿਵਾਰ ਸਮੇਤ ਇਹ ਘਰ ਛੱਡ ਕੇ ਸਾਲ 2022 ਵਿੱਚ ਹੀ ਕਿਸੇ ਹੋਰ ਥਾਂ ਸ਼ਿਫਟ ਹੋ ਗਿਆ ਸੀ ਪਰ ਕਦੇ-ਕਦੇ ਮੈਂ ਇਸ ਘਰ ਜਾਂਦਾ ਹਾਂ।”
ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ “ਤਕਰੀਬਨ ਇੱਕ ਜਾਂ ਦੋ ਸਾਲ ਪਹਿਲਾਂ ਤੱਕ, ਰਵੀ ਮਹਿਰਾ ਦੇ ਨਾਮ ‘ਤੇ ਸਰਕਾਰੀ ਏਜੰਸੀਆਂ ਦੇ ਨੋਟਿਸ ਸਾਡੇ ਘਰ ਦੇ ਪਤੇ ‘ਤੇ ਆਉਂਦੇ ਸਨ ਪਰ ਜਦੋਂ ਅਸੀਂ ਇਸ ਸਬੰਧੀ ਡਾਕੀਏ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਰਵੀ ਮਹਿਰਾ ਨਾਮਕ ਵਿਅਕਤੀ ਦਾ ਅਸਲੀ ਪਤਾ ਪੁਰਾਣੀ ਗੀਤਾ ਕਲੋਨੀ ਦਾ ਮਕਾਨ ਨੰਬਰ 40 ਹੈ, ਪਰ ਉਸ ਨੇ ਤੁਹਾਡੇ ਘਰ ਦਾ ਪਤਾ ਦਿੱਤਾ ਹੈ। ਹਾਲਾਂਕਿ, ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਕੋਲ ਅਜੇ ਵੀ ਅਜਿਹਾ ਕੋਈ ਨੋਟਿਸ ਹੈ, ਤਾਂ ਉਹਨਾਂ ਨੇ ਕਿਹਾ, “ਇਹ ਬਹੁਤ ਪੁਰਾਣੀ ਗੱਲ ਹੈ, ਇਸ ਲਈ ਫਿਲਹਾਲ ਮੇਰੇ ਕੋਲ ਨਹੀਂ ਹੈ”।
ਹਾਲਾਂਕਿ ਹੁਣ ਤੱਕ ਦੀ ਜਾਂਚ ਦੇ ਆਧਾਰ ‘ਤੇ ਅਸੀਂ ਰਵੀ ਅਰੋੜਾ ਵੱਲੋਂ ਕੀਤੇ ਗਏ ਦਾਅਵੇ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਰਵੀ ਮਹਿਰਾ ਪੁਰਾਣੀ ਗੀਤਾ ਕਾਲੋਨੀ ‘ਚ ਰਹਿੰਦਾ ਹੈ। ਇਸ ਦੇ ਨਾਲ ਹੀ ਅਸੀਂ ਇਸ ਕੰਪਨੀ ਦੀ ਜੀਐਸਟੀ ਫਾਈਲਿੰਗ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਇਸ ਸਬੰਧੀ ਕੋਈ ਨਵੀਂ ਜਾਣਕਾਰੀ ਮਿਲਦੀ ਹੈ ਤਾਂ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਪਾਕਿਸਤਾਨੀ ਕੰਪਨੀ ਦਾ ਭਾਰਤ ‘ਚ ਸਿੱਧੇ ਤੌਰ ‘ਤੇ ਆਪਣੇ ਨਾਂ ‘ਤੇ ਚੋਣ ਬਾਂਡ ਖਰੀਦਣ ਦਾ ਦਾਅਵਾ ਫਰਜ਼ੀ ਹੈ ਪਰ ਅਸੀਂ ਇਹ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਚੋਣ ਕਮਿਸ਼ਨ ਦੀ ਸੂਚੀ ਵਿੱਚ ਮੌਜੂਦ ਹੱਬ ਪਾਵਰ ਕੰਪਨੀ ਅਤੇ ਜਾਂਚ ਵਿੱਚ ਮਿਲੀ ਰਵੀ ਮਹਿਰਾ ਨਾਮ ਦੇ ਵਿਅਕਤੀ ਦੀ ਹੱਬ ਪਾਵਰ ਕੰਪਨੀ ਇੱਕ ਹੀ ਹਨ।
Result: False
Our Sources
Tweet made by Pakistan business outlet HUBCO on 15th March
Press release by Ministry of Finance
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।