ਕਾਂਗਰਸ ਹਾਈ ਕਮਾਂਡ ਨੇ ਜਿਸ ਤਰ੍ਹਾਂ ਹੀ ਚਮਕੌਰ ਸਾਹਿਬ ਤੋਂ ਵਿਧਾਇਕ ਅਤੇ ਤਕਨੀਕੀ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਮੁੱਖ ਮੰਤਰੀ ਵਜੋਂ ਐਲਾਨਿਆ ਉਸ ਤੋਂ ਬਾਅਦ ਹੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਫੇਕ ਅਕਾਊਂਟ, ਚਰਨਜੀਤ ਚੰਨੀ ਤੇ ਮਹਿਲਾਆਈਏਐਸ ਅਫ਼ਸਰ ਵੱਲੋਂ ਲਗਾਏ ਗਏ #MeToo ਦੇ ਆਰੋਪ ਅਤੇ ਉਨ੍ਹਾਂ ਦੇ ਪੁਰਾਣੇ ਕਿੱਸੇ ਵਾਇਰਲ ਹੋ ਰਹੇ ਹਨ।
58 ਸਾਲਾ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਵਜੋਂ ਐਲਾਨਿਆ ਗਿਆ। ਹਾਲਾਂਕਿ, ਉਨ੍ਹਾਂ ਦੇ ਨਾਮ ਦੇ ਐਲਾਨ ਹੋਣ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਲੀਡਰ ਰਾਹੁਲ ਗਾਂਧੀ ਤੇ ਸਵਾਲ ਚੁੱਕ ਰਹੇ ਹਨ। ਉਥੇ ਹੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਫੇਕ ਅਕਾਊਂਟ ਵੀ ਵਾਇਰਲ ਹੋ ਰਹੇ ਹਨ।
ਗੂਗਲ ਟ੍ਰੈਂਡਸ ਦੇ ਮੁਤਾਬਕ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਸਰਚ ਕੀਤਾ ਗਿਆ। ਪੰਜਾਬ ਦੇ ਵਿੱਚ ਜ਼ੀਰਾ ਹਲਕੇ ਤੋਂ ਬਾਅਦ ਅਰਨੀਵਾਲਾ, ਮੁਕੇਰੀਆਂ , ਭਿੱਖਾਪੁਰ ਤੇ ਧਾਰੀਵਾਲ ਦੇ ਵਿਚ ਚਰਨਜੀਤ ਸਿੰਘ ਚੰਨੀ ਦੇ ਨਾਮ ਨੂੰ ਸਭ ਤੋਂ ਵੱਧ ਵਾਰ ਸਰਚ ਕੀਤਾ ਗਿਆ। ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਗੂਗਲ ਤੇ ਮਹਿਲਾ ਆਈਏਐਸ ਅਫ਼ਸਰ ਦੁਆਰਾ ਲਗਾਏ ਗਏ ਆਰੋਪਾਂ, ਉਨ੍ਹਾਂ ਦੀ ਜਾਤੀ ਅਤੇ ਧਰਮ ਅਤੇ ਚਰਨਜੀਤ ਸਿੰਘ ਚੰਨੀ ਦੇ ਨਾਲ ਮੇਲ ਖਾਂਦੇ ਗਾਇਕ ਨੂੰ ਲੈ ਕੇ ਸਭ ਤੋਂ ਵੱਧ ਸਰਚ ਕੀਤਾ ਜਾ ਰਿਹਾ ਹੈ।

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸੀਂ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਫੇਕ ਅਕਾਊਂਟ ਸਮੇਤ ਚਰਚਾਵਾਂ ਦੇ ਬਾਰੇ ਵਿਚ ਜਾਣਕਾਰੀ ਜੁਟਾਈ।
ਅਸੀਂ ਟਵਿੱਟਰ ਤੇ ਚਰਨਜੀਤ ਸਿੰਘ ਚੰਨੀ ਕੀ ਵਰਡ ਰਾਹੀਂ ਸਰਚ ਕੀਤਾ ਤਾਂ ਪਾਇਆ ਕਿ ਟਵਿੱਟਰ ਤੇ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕਈ ਫੇਕ ਅਕਾਊਂਟ ਬਣਾਏ ਗਏ ਹਨ।
ਅਕਾਊਂਟ ਨੰ 1: @Charanjitchinni
ਟਵਿੱਟਰ ਹੈਂਡਲ @Charanjitchinni ਪੰਜਾਬ ਦੇ ਮੁੱਖ ਮੰਤਰੀ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਹੋਣ ਹੁਣ ਜਿੱਥੇ ਦਾਅਵਾ ਕਰ ਰਿਹਾ ਹੈ, ਉਥੇ ਹੀ ਟਵਿਟਰ ਅਕਾਉਂਟ ਦੇ ਤਕਰੀਬਨ 15 ਹਜ਼ਾਰ ਤੋਂ ਵੱਧ ਫਾਲੋਅਰ ਹਨ।

ਅਸੀਂ ਹੈਂਡਲ ਦੁਆਰਾ ਕੀਤੇ ਗਏ ਰਿਪਲਾਏ ਨੂੰ ਖੰਗਾਲਿਆ ਤਾਂ ਪਾਇਆ ਕਿ ਇਹ ਟਵਿੱਟਰ ਹੈਂਡਲ ਦਾ ਅਸਲ ਯੂਜ਼ਰਨੇਮ @TanuMeenaIYC ਹੈ।

ਜਦੋਂ ਅਸੀਂ ਇਸ ਟਵਿੱਟਰ ਹੈਂਡਲ ਨੂੰ ਟਵਿੱਟਰ ਤੇ ਸਰਚ ਕੀਤਾ ਤਾਂ ਸਰਚ ਦੇ ਵਿੱਚ ਸਾਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਬਣਾਇਆ ਗਿਆ ਫੇਕ ਅਕਾਊਂਟ ਵੀ ਮਿਲਿਆ।

ਇਸ ਦੇ ਨਾਲ ਹੀ ਯੂਜ਼ਰ ਨੇਮ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਸਪੈਲਿੰਗ ਗਲਤ ਲਿਖੇ ਹੋਏ ਹਨ। ਹਾਲਾਂਕਿ, ਇਸ ਅਕਾਉਂਟ ਨੂੰ ਟਵਿੱਟਰ ਦੁਆਰਾ ਸਸਪੈਂਡ ਕਰ ਦਿੱਤਾ ਗਿਆ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਅਕਾਊਂਟ ਨੰਬਰ 2 : @MLACHARANJIT
ਟਵਿਟਰ ਅਕਾਉਂਟ @MLACHARANJIT ਦੇ ਤਕਰੀਬਨ ਪੰਜ ਹਜ਼ਾਰ ਫਾਲੋਅਰ ਹਨ ਅਤੇ ਇਹ ਹੈਂਡਲ ਅਪ੍ਰੈਲ 2020 ਵਿਚ ਬਣਾਇਆ ਗਿਆ ਸੀ।

ਅਸੀਂ ਹੈਂਡਲ ਦੁਆਰਾ ਕੀਤੇ ਗਏ ਰਿਪਲਾਏ ਸੈਕਸ਼ਨ ਨੂੰ ਖੰਗਾਲਿਆ ਤਾਂ ਪਾਇਆ ਕਿ ਇਹ ਟਵਿੱਟਰ ਹੈਂਡਲ ਦਾ ਅਸਲ ਯੂਜ਼ਰਨੇਮ @pardhan_affan ਹੈ।

ਜਦੋਂ ਅਸੀਂ @pardhan_affan ਦੇ ਨਾਮ ਤੋਂ ਟਵਿੱਟਰ ਹੈਂਡਲ ਨੂੰ ਸਰਚ ਕੀਤਾ ਤਾਂ ਸਰਚ ਦੇ ਵਿੱਚ ਸਾਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਬਣਾਇਆ ਗਿਆ ਫੇਕ ਅਕਾਊਂਟ ਵੀ ਪ੍ਰਾਪਤ ਹੋਇਆ।

ਅਕਾਊਂਟ ਨੰਬਰ 3 : @Chanranjit_Cm
ਟਵਿਟਰ ਅਕਾਉਂਟ @Chanranji_Cm ਦੇ ਤਕਰੀਬਨ 4 ਹਜ਼ਾਰ ਫਾਲੋਅਰ ਹਨ ਅਤੇ ਇਹ ਹੈਂਡਲ ਸਾਲ 2017 ਵਿਚ ਬਣਾਇਆ ਗਿਆ ਸੀ।

ਅਸੀਂ ਹੈਂਡਲ ਨੂੰ ਖੰਗਾਲਿਆ ਤਾਂ ਪਾਇਆ ਕਿ ਇਸ ਟਵਿੱਟਰ ਹੈਂਡਲ ਦੁਆਰਾ @SankhlaINC ਦੇ ਨਾਮ ਤੋਂ ਰਿਪਲਾਈ ਕੀਤਾ ਗਿਆ ਸੀ।

ਜਦੋਂ ਅਸੀਂ @SankhlaINC ਦੇ ਨਾਮ ਤੋਂ ਟਵਿੱਟਰ ਹੈਂਡਲ ਨੂੰ ਸਰਚ ਕੀਤਾ ਤਾਂ ਸਰਚ ਦੇ ਵਿੱਚ ਸਾਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਬਣਾਇਆ ਗਿਆ ਫੇਕ ਅਕਾਊਂਟ ਵੀ ਪ੍ਰਾਪਤ ਹੋਇਆ।

ਅਕਾਊਂਟ ਨੰਬਰ 4 : @CharanjitIn

ਟਵਿਟਰ ਅਕਾਉਂਟ @CharanjitIn ਦੇ ਤਕਰੀਬਨ 4 ਹਜ਼ਾਰ ਫਾਲੋਅਰ ਹਨ ਅਤੇ ਇਹ ਹੈਂਡਲ ਸਾਲ 2020 ਵਿਚ ਬਣਾਇਆ ਗਿਆ ਸੀ।
ਅਸੀਂ ਹੈਂਡਲ ਨੂੰ ਖੰਗਾਲਿਆ ਤਾਂ ਪਾਇਆ ਕਿ ਇਸ ਟਵਿੱਟਰ ਹੈਂਡਲ ਦੁਆਰਾ @sonusoodfen ਦੇ ਨਾਮ ਤੋਂ ਰਿਪਲਾਈ ਕੀਤਾ ਗਿਆ ਸੀ ।

ਜਦੋਂ ਅਸੀਂ @sonusoodfen ਦੇ ਨਾਮ ਤੋਂ ਟਵਿੱਟਰ ਹੈਂਡਲ ਨੂੰ ਸਰਚ ਕੀਤਾ ਤਾਂ ਸਰਚ ਦੇ ਵਿੱਚ ਸਾਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਬਣਾਇਆ ਗਿਆ ਫੇਕ ਅਕਾਊਂਟ ਵੀ ਪ੍ਰਾਪਤ ਹੋਇਆ ।

@CHARANJITCHANNI ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਸਲ ਆਈਡੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਸਲ ਆਈਡੀ ਦਾ ਯੂਜ਼ਰ ਨੇਮ ਹੈ ਜਿਸ ਨੂੰ ਨਵੰਬਰ ਵਿੱਚ ਬਣਾਇਆ ਗਿਆ ਸੀ। ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਟਵਿੱਟਰ ਤੇ ਅਨੇਕਾਂ ਫੇਕ ਅਕਾਊਂਟ ਦੇ ਵਾਇਰਲ ਹੋਣ ਤੋਂ ਬਾਅਦ ਟਵਿੱਟਰ ਨੇ ਚਰਨਜੀਤ ਸਿੰਘ ਚੰਨੀ ਦੇ ਟਵਿੱਟਰ ਅਕਾਉਂਟ ਨੂੰ ਵੈਰੀਫਾਈਡ ਕਰ ਦਿੱਤਾ।

ਮੁੱਖ ਮੰਤਰੀ ਚਰਨਜੀਤ ਚੰਨੀ ਖਿਲਾਫ਼ “ਮੀ-ਟੂ” ਦਾ ਮਾਮਲਾ
2018 ਵਿਚ ਚਰਨਜੀਤ ਸਿੰਘ ਚੰਨੀ ਮੀ-ਟੂ ਮਾਮਲੇ ਵਿਚ ਘਿਰ ਗਏ ਸਨ। ਔਰਤ ਆਈਏਐੱਸ ਅਧਿਕਾਰੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਕੈਬਨਿਟ ਮੰਤਰੀ ਅਤੇ ਨਵੇਂ ਨਿਯੁਕਤ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਈ ਵਾਰੀ ਇਤਰਾਜ਼ਯੋਗ ਸੁਨੇਹੇ ਭੇਜੇ ਹਨ। ਉਦੋਂ ਇਹ ਮਾਮਲਾ ਤੂਲ ਫੜ ਗਿਆ ਸੀ। ਚੰਨੀ ਦੇ ਖ਼ਿਲਾਫ਼ ਔਰਤਾਂ ਨੇ ਧਰਨੇ ਮੁਜ਼ਾਹਰੇ ਵੀ ਕੀਤੇ ਸਨ। ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੰਤਰੀ ਨੇ ਮਾਫ਼ੀ ਮੰਗ ਲਈ ਹੈ, ਇਸ ਲਈ ਇਹ ਮਾਮਲਾ ਖ਼ਤਮ ਹੋ ਗਿਆ ਹੈ।
ਇਹ ਮਾਮਲਾ 2020 ਵਿਚ ਇਕ ਵਾਰੀ ਮੁੜ ਹੋਂਦ ਵਿਚ ਆਇਆ ਸੀ, ਜਦੋਂ ਕੈਬਨਿਟ ਸਬ-ਕਮੇਟੀ ਦੀ ਬੈਠਕ ਦੌਰਾਨ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਤੇ ਚਰਨਜੀਤ ਸਿੰਘ ਚੰਨੀ ਐਕਸਾਈਜ਼ ਨੀਤੀ ਨੂੰ ਲੈ ਕੇ ਉਦੋਂ ਦੇ ਚੀਫ ਸਕੱਤਰ ਕਰਨ ਅਵਤਾਰ ਸਿੰਘ ਨਾਲ ਭਿੜ ਗਏ ਸਨ। ਜਿਸ ਤੋਂ ਬਾਅਦ ਦੋਵੇਂ ਮੰਤਰੀ ਮੀਟਿੰਗ ਛੱਡ ਕੇ ਚਲੇ ਗਏ ਸਨ।
ਇਹ ਮਾਮਲਾ ਮੁੜ ਉੱਭਰ ਕੇ ਮਈ 2021 ਵਿੱਚ ਸਾਹਮਣੇ ਆਇਆ ਜਦੋਂ ਇਸਤਰੀ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ 2018 ਵਿੱਚ ਹੋਏ ਇਸ ਮਾਮਲਾ ਦਾ ਸੂ-ਮੋਟੋ ਲਿਆ ਸੀ। ਉਹਨਾਂ ਨੇ ਕਿਹਾ ਸੀ ਕਿ ਇਸ ਮਾਮਲੇ ਵਿਚ ਉਹਨਾਂ ਨੇ ਚੀਫ ਸਕੱਤਰ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਸੀ ਕਿਉਂਕਿ ਉਦੋਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਮਾਮਲਾ ਖਤਮ ਹੋ ਗਿਆ ਹੈ, ਇਸ ਲਈ ਉਨ੍ਹਾਂ ਨੇ ਮਾਮਲੇ ਨੂੰ ਫਾਲੋ ਨਹੀਂ ਕੀਤਾ।
ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਆਈਏਐੱਸ ਅਧਿਕਾਰੀਆਂ ਦੇ ਫੋਨ ਆ ਰਹੇ ਹਨ ਕਿ ਉਹ ਮੰਤਰੀ ਨਾਲ ਮਿਲ ਗਏ ਹਨ, ਇਸੇ ਲਈ ਮੀ-ਟੂ ਮਾਮਲੇ ’ਚ ਕਾਰਵਾਈ ਨਹੀਂ ਕੀਤੀ। ਚੇਅਰਪਰਸਨ ਨੇ ਇਹ ਵੀ ਕਿਹਾ ਕਿ ਹਫਤੇ ਤਕ ਜੇ ਸੂਬਾ ਸਰਕਾਰ ਨੇ ਉਨ੍ਹਾਂ ਦੇ ਪੱਤਰ ਦਾ ਜਵਾਬ ਨਹੀਂ ਦਿੱਤਾ ਤਾਂ ਉਹ ਭੁੱਖ ਹੜਤਾਲ ’ਤੇ ਬੈਠ ਜਾਣਗੇ।
ਹੁਣ ਇਸ ਮਾਮਲੇ ਦੇ ਵਿੱਚ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਨਵੇਂ ਨਿਯੁਕਤ ਮੁੱਖ ਮੰਤਰੀ ਖ਼ਿਲਾਫ਼ ‘ਮੀ-ਟੂ’ ਮੁਹਿੰਮ ਤਹਿਤ ਦੋਸ਼ ਲਗਾਉਂਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਟਾਸ ਨਾਲ ਪੋਸਟਿੰਗ
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਦੁਆਰਾ ਟਾਸ ਨਾਲ ਕੀਤੀ ਗਈ ਪੋਸਟਿੰਗ ਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਵਿਰੋਧੀ ਧਿਰ ਦੇ ਨੇਤਾ ਅਤੇ ਵਰਕਰ ਸੋਸ਼ਲ ਮੀਡੀਆ ਤੇ ਖੂਬ ਸ਼ੇਅਰ ਕਰ ਰਹੇ ਹਨ।
ਦਰਅਸਲ, ਜਦੋਂ ਚਰਨਜੀਤ ਚੰਨੀ ਤਕਨੀਕੀ ਸਿੱਖਿਆ ਮੰਤਰੀ ਸਨ, ਤਾਂ 3 ਸਾਲ ਪਹਿਲਾਂ ਪੌਲੀਟੈਕਨਿਕ ਇੰਸਟੀਚਿਊਟ ਵਿੱਚ ਭਰਤੀ ਕੀਤੀ ਗਈ ਸੀ। ਲੈਕਚਰਾਰ ਦੇ ਦੋ ਬਿਨੈਕਾਰ ਇੱਕੋ ਜਗ੍ਹਾ ’ਤੇ ਪੋਸਟਿੰਗ ਚਾਹੁੰਦੇ ਸਨ। ਉਸ ਸਮੇਂ ਚੰਨੀ ਨੇ ਸਿੱਕਾ ਉਛਾਲਿਆ ਤੇ ਜਿਸ ਦਾ ਟੇਲ ਆਇਆ, ਉਸ ਨੂੰ ਆਪਣੀ ਪਸੰਦ ਦੇ ਸਥਾਨ ‘ਤੇ ਪੋਸਟਿੰਗ ਮਿਲ ਗਈ ਸੀ।
ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਮੋਰਚਾ ਖੋਲ੍ਹਦਿਆਂ ਉਹਨਾਂ ਦੇ ਅਸਤੀਫੇ ਦੀ ਮੰਗ ਵੀ ਕੀਤੀ ਸੀ।
ਪੈਚ ਵਰਕ
ਚਰਨਜੀਤ ਸਿੰਘ ਚੰਨੀ ਜਦੋਂ ਕੁਝ ਸਮੇਂ ਲਈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਉਸ ਸਮੇਂ ਅਕਾਲੀ-ਭਾਜਪਾ ਸਰਕਾਰ ਸੀ। ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸਨ। ਸੁਖਬੀਰ ਨੇ ਵਿਧਾਨ ਸਭਾ ਵਿੱਚ ਚੰਨੀ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ 2002 ਤੋਂ 2007 ਦੇ ਵਿੱਚ ਕੈਪਟਨ ਸਰਕਾਰ ਦੇ ਇੱਕ ਵਿਕਾਸ ਕਾਰਜ ਬਾਰੇ ਦੱਸਣ। ਇਸ ‘ਤੇ ਚੰਨੀ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਪੂਰੇ ਪੰਜਾਬ ਦੀਆਂ ਸੜਕਾਂ’ ਤੇ ਪੈਚ ਵਰਕ ਕਰਵਾਇਆ ਹੈ।
ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਦੁਆਰਾ ਵਿਧਾਨ ਸਭਾ ਵਿੱਚ ਦਿੱਤੇ ਗਏ ਇਸ ਬਿਆਨ ਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ। ਅਕਾਲੀ ਦਲ , ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਲੀਡਰ ਚੰਨੀ ਤੇ ਵਿਅੰਗ ਕਸਦਿਆਂ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ