ਪੰਜਾਬ ਪੁਲਿਸ ਦੇ ਮੁਲਾਜ਼ਮ ਦੁਆਰਾ ਇੱਕ ਮਹਿਲਾ ਕਿਸਾਨ ਨੂੰ ਥੱਪੜ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਬੁੱਧਵਾਰ ਸ਼ਾਮ ਨੂੰ ਪੰਜਾਬ-ਹਰਿਆਣਾ ਸਰਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਕੀਤੀ ਗਈ ਕਾਰਵਾਈ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਕਈ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਪੰਜਾਬ ਪੁਲਿਸ ਨੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਵੀ ਕਾਰਵਾਈ ਕੀਤੀ। ਪੁਲਿਸ ਨੇ ਦੋਵਾਂ ਥਾਵਾਂ ਤੋਂ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਅਤੇ ਸਟੇਜਾਂ ਹਟਾ ਦਿੱਤੀਆਂ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਕਾਰ ਸੱਤਵੇਂ ਦੌਰ ਦੀ ਗੱਲਬਾਤ ਹੋਈ। ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਵਣਜ ਮੰਤਰੀ ਪਿਊਸ਼ ਗੋਇਲ ਮੌਜੂਦ ਸਨ। ਦੂਜੇ ਪਾਸੇ, ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਿੱਸਾ ਲਿਆ।
ਵਾਇਰਲ ਵੀਡੀਓ ਲਗਭਗ 13 ਸਕਿੰਟ ਲੰਬਾ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਇੱਕ ਔਰਤ ਨੂੰ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਉੱਥੇ ਮੌਜੂਦ ਹੋਰ ਪੁਲਿਸ ਵਾਲੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਵੀਡੀਓ ਦੇ ਪਿੱਛੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇੱਕ ਆਡੀਓ ਲੱਗਿਆ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹਨ, “ਮੇਰੀ ਸਰਕਾਰ ਅਤੇ ਸਾਡੀ ਪਾਰਟੀ ਕਿਸਾਨਾਂ ਦੇ ਸੰਘਰਸ਼ ਵਿੱਚ ਇਕੱਠੇ ਹੋਏ ਹਨ। ਸਾਡੇ ਮੰਤਰੀ, ਮੈਂ ਖੁਦ ਇੱਕ ਸੇਵਾਦਾਰ ਵਾਂਗ ਕਿਸਾਨਾਂ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਹਾਂ”।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਕਰਕੇ ਸਾਂਝਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲ ਹੀ ਦਾ ਹੈ।

Fact Check
ਪੰਜਾਬ ਪੁਲਿਸ ਦੁਆਰਾ ਔਰਤ ਨੂੰ ਥੱਪੜ ਮਾਰਨ ਦੀ ਵੀਡੀਓ ਦੀ ਜਾਂਚ ਕਰਦਿਆਂ ਅਸੀਂ ਵੀਡੀਓ ਦੇ ਮੁੱਖ ਫਰੇਮਾਂ ਦੀ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੋਜ ਕੀਤੀ। ਸਾਨੂੰ 18 ਮਈ, 2023 ਨੂੰ ਦ ਟ੍ਰਿਬਿਊਨ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਲੱਭੀ।

ਵਾਇਰਲ ਵੀਡੀਓ ਇਸ ਰਿਪੋਰਟ ਵਿੱਚ ਵੀ ਮੌਜੂਦ ਸੀ ਜਿਸ ਨੂੰ ਰਾਸ਼ਟਰੀ ਲੋਕ ਦਲ ਨੇ ਆਪਣੇ X ਖਾਤੇ ਤੋਂ ਸਾਂਝਾ ਕੀਤਾ ਸੀ। ਰਿਪੋਰਟ ਵਿੱਚ ਦੱਸਿਆ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਭਾਂਬਰੀ ਪਿੰਡ ਦੇ ਕਿਸਾਨ ਆਪਣੀ ਜ਼ਮੀਨ ਪ੍ਰਾਪਤ ਕਰਨ ਅਤੇ ਭਾਰਤਮਾਲਾ ਪ੍ਰੋਜੈਕਟ ਤਹਿਤ ਬਣਾਏ ਜਾ ਰਹੇ ਦਿੱਲੀ-ਕਟੜਾ ਰਾਸ਼ਟਰੀ ਰਾਜਮਾਰਗ ਲਈ ਢੁਕਵਾਂ ਮੁਆਵਜ਼ਾ ਨਾ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਸਨ।
ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਾਉਣ ਲਈ ਤਾਕਤ ਦੀ ਵਰਤੋਂ ਵੀ ਕੀਤੀ ਅਤੇ ਇੱਕ ਪੁਲਿਸ ਕਰਮਚਾਰੀ ਨੇ ਇੱਕ ਮਹਿਲਾ ਪ੍ਰਦਰਸ਼ਨਕਾਰੀ ਨੂੰ ਥੱਪੜ ਵੀ ਮਾਰਿਆ। ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਟਾਲਾ ਦੇ ਐਸਪੀ ਅਸ਼ਵਨੀ ਗੋਟਿਆਲ ਨੇ ਕਾਰਵਾਈ ਕਰਦਿਆਂ ਉਸ ਜਵਾਨ ਨੂੰ ਮੁਅੱਤਲ ਕਰ ਦਿੱਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਇਲਾਵਾ ਸਾਨੂੰ ਇੰਡੀਅਨ ਐਕਸਪ੍ਰੈਸ ਦੀ ਵੈਬਸਾਈਟ ‘ਤੇ ਇਸ ਸਬੰਧ ‘ਚ ਪ੍ਰਕਾਸ਼ਿਤ ਇੱਕ ਰਿਪੋਰਟ ਵੀ ਮਿਲੀ। ਵਾਇਰਲ ਵੀਡੀਓ ਦੇ ਵਿਜ਼ੂਅਲ ਵੀ ਇਸ ਰਿਪੋਰਟ ਵਿੱਚ ਫੀਚਰ ਇਮੇਜ ਦੇ ਰੂਪ ਵਿੱਚ ਮੌਜੂਦ ਸਨ। ਰਿਪੋਰਟ ਮੁਤਾਬਕ ਗੁਰਦਾਸਪੁਰ ਦੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਭਾਰਤਮਾਲਾ ਪ੍ਰੋਜੈਕਟ ਤਹਿਤ ਬਣੀਆਂ ਸੜਕਾਂ ਲਈ ਜ਼ਮੀਨ ਪ੍ਰਾਪਤੀ ਵਿੱਚ ਢੁਕਵਾਂ ਮੁਆਵਜ਼ਾ ਨਹੀਂ ਮਿਲ ਰਿਹਾ ਸੀ। ਉਸੇ ਸਮੇਂ ਦੌਰਾਨ ਇੱਕ ਪੁਲਿਸ ਵਾਲੇ ਨੇ ਇੱਕ ਔਰਤ ਕਿਸਾਨ ਨੂੰ ਥੱਪੜ ਮਾਰ ਦਿੱਤਾ ਅਤੇ ਇਹ ਘਟਨਾ ਕੈਮਰੇ ਵਿੱਚ ਕੈਦ ਹੋ ਗਈ।

ਜਾਂਚ ਦੌਰਾਨ 18 ਮਈ, 2023 ਨੂੰ ਦਿ ਟ੍ਰਿਬਿਊਨ ਦੇ ਯੂਟਿਊਬ ਅਕਾਊਂਟ ‘ਤੇ ਅਪਲੋਡ ਕੀਤੀ ਗਈ ਇੱਕ ਵੀਡੀਓ ਰਿਪੋਰਟ ਮਿਲੀ। ਵੀਡੀਓ ‘ਚ ਔਰਤ ਕਹਿੰਦੀ ਹੈ,”ਪੁਲਿਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕੁੱਟ ਰਹੀ ਸੀ ਅਤੇ ਇਸ ਦੌਰਾਨ, ਉਨ੍ਹਾਂ ਨੇ ਇੱਕ ਬਜ਼ੁਰਗ ਆਦਮੀ ਨਾਲ ਵੀ ਦੁਰਵਿਵਹਾਰ ਕੀਤਾ। ਜਦੋਂ ਮੈਂ ਦਖਲ ਦੇਣ ਗਈ ਤਾਂ ਪੁਲਿਸ ਨੇ ਮੈਨੂੰ ਵੀ ਥੱਪੜ ਮਾਰ ਦਿੱਤਾ। ਵੀਡੀਓ ਵਿੱਚ ਅੱਗੇ ਉਕਤ ਔਰਤ ਕਿਸਾਨ ਨੂੰ ਇਨਸਾਫ਼ ਦੀ ਮੰਗ ਕਰਦੇ ਸੁਣਿਆ ਜਾ ਸਕਦਾ ਹੈ।”

ਆਪਣੀ ਜਾਂਚ ਦੌਰਾਨ, ਸਾਨੂੰ 19 ਮਈ, 2023 ਨੂੰ ਦ ਟ੍ਰਿਬਿਊਨ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਹੋਰ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਬਟਾਲਾ ਪੁਲਿਸ ਨੇ ਮਹਿਲਾ ਕਿਸਾਨ ਨੂੰ ਥੱਪੜ ਮਾਰਨ ਵਾਲੇ ਹੋਮ ਗਾਰਡ ਜਵਾਨ ਰਛਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।

ਇਸ ਤੋਂ ਇਲਾਵਾ, ਸਾਨੂੰ ਕੇਜਰੀਵਾਲ ਦੀ ਆਡੀਓ ਵੀ ਮਿਲੀ ਜੋ ਵਾਇਰਲ ਵੀਡੀਓ ਦੇ ਪਿੱਛੇ ਮੌਜੂਦ ਹੈ। ਕੇਜਰੀਵਾਲ ਨੇ ਇਹ ਗੱਲਾਂ ਸਾਲ 2020-21 ‘ਚ ਦਿੱਲੀ ਸਰਹੱਦ ‘ਤੇ ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ ਸਿੰਘੂ ਸਰਹੱਦ ‘ਤੇ ਕਿਸਾਨਾਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ। ਇਹ 7 ਦਸੰਬਰ, 2020 ਨੂੰ ਏਬੀਪੀ ਲਾਈਵ ਦੁਆਰਾ ਪ੍ਰਕਾਸ਼ਿਤ ਇੱਕ ਵੀਡੀਓ ਰਿਪੋਰਟ ਵਿੱਚ ਸੁਣਿਆ ਜਾ ਸਕਦਾ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਪੁਲਿਸ ਦੁਆਰਾ ਮਹਿਲਾ ਕਿਸਾਨ ਨੂੰ ਥੱਪੜ ਮਾਰਨ ਦੀ ਵੀਡੀਓ ਹਾਲੀਆ ਨਹੀਂ ਸਗੋਂ ਦੋ ਸਾਲ ਪੁਰਾਣੀ ਹੈ।
Our Sources
Article Published by The Tribune on 18th May 2023
Article Published by Indian Express on 18th May 2023
Article Published by The Tribune on 19th May 2023
Youtube Video Published by The Tribune on 18th May 2023