Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਅਮਰੀਕਾ ਜਾ ਕੇ ਸ਼ਸ਼ੀ ਥਰੂਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੀਤੀ ਆਲੋਚਨਾ
ਵਾਇਰਲ ਹੋ ਰਿਹਾ ਇਹ ਵੀਡੀਓ ਪੁਰਾਣਾ ਹੈ। ਉਸ ਸਮੇਂ ਜੋਅ ਬਿਡੇਨ ਅਮਰੀਕਾ ਦੇ ਰਾਸ਼ਟਰਪਤੀ ਸਨ।
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਇਸ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ ਕਿ ਸ਼ਸ਼ੀ ਥਰੂਰ ਨੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਅਮਰੀਕਾ ਜਾ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ।
ਆਪ੍ਰੇਸ਼ਨ ਸਿੰਦੂਰ ਅਤੇ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਬਾਰੇ ਜਾਣਕਾਰੀ ਦੇਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਗਏ ਵਫ਼ਦਾਂ ਵਿੱਚੋਂ ਇੱਕ ਦੀ ਅਗਵਾਈ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਕਰ ਰਹੇ ਹਨ। ਇਹ ਵਫ਼ਦ ਇਸ ਦੌਰੇ ‘ਤੇ ਸਭ ਤੋਂ ਪਹਿਲਾਂ ਅਮਰੀਕਾ ਪਹੁੰਚਿਆ ਹੈ। ਇਸ ਤੋਂ ਬਾਅਦ, ਇਹ ਵਫ਼ਦ ਅਮਰੀਕੀ ਮਹਾਂਦੀਪ ਦੇ ਹੋਰ ਦੇਸ਼ਾਂ, ਗੁਆਨਾ, ਪਨਾਮਾ, ਬ੍ਰਾਜ਼ੀਲ ਅਤੇ ਕੋਲੰਬੀਆ ਦਾ ਵੀ ਦੌਰਾ ਕਰੇਗਾ।
ਵਾਇਰਲ ਹੋ ਰਿਹਾ ਇਹ ਵੀਡੀਓ ਲਗਭਗ 1 ਮਿੰਟ 16 ਸੈਕਿੰਡ ਲੰਬਾ ਹੈ, ਜਿਸ ਵਿੱਚ ਸ਼ਸ਼ੀ ਥਰੂਰ ਸਾਬਕਾ ਅਮਰੀਕੀ ਰਾਸ਼ਟਰਪਤੀਆਂ ਬਿਲ ਕਲਿੰਟਨ, ਬਰਾਕ ਓਬਾਮਾ ਅਤੇ ਬੁਸ਼ ਦਾ ਜ਼ਿਕਰ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਲੋਕਾਂ ਵਿੱਚ ਕੁਝ ਵਿਸ਼ੇਸ਼ਤਾ ਸੀ ਜੋ ਇਸ ਸੱਜਣ ਵਿੱਚ ਘੱਟ ਦਿਖਾਈ ਦਿੰਦੀ ਹੈ।
ਇਸ ਵੀਡੀਓ ਨੂੰ X ‘ਤੇ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ,”ਵਾਹ, ਸ਼ਸ਼ੀ ਥਰੂਰ ਦੀ ਹਿੰਮਤ ਸ਼ਲਾਘਾਯੋਗ ਹੈ। ਅਮਰੀਕਾ ਵਿੱਚ ਬੈਠੇ ਸ਼ਸ਼ੀ ਥਰੂਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਢੁਕਵਾਂ ਜਵਾਬ ਦਿੱਤਾ ਹੈ। ਵਾਹ, ਬਹੁਤ ਵਧੀਆ ਸ਼ਸ਼ੀ ਥਰੂਰ ਜੀ”।
ਸ਼ਸ਼ੀ ਥਰੂਰ ਦੇ ਅਮਰੀਕਾ ਜਾ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕਰਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਵੀਡੀਓ ਨੂੰ ਅਸੀਂ ਪਹਿਲਾਂ ਗੂਗਲ ਤੇ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਸਾਨੂੰ 12 ਸਤੰਬਰ, 2024 ਨੂੰ ਏਸ਼ੀਆ ਸੋਸਾਇਟੀ ਨਾਮ ਦੇ ਯੂਟਿਊਬ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ।
ਵੀਡੀਓ ਦੇ ਨਾਲ ਮੌਜੂਦ ਟਾਈਟਲ ਤੇ ਡਿਸਕਰਪਸ਼ਨ ਦੇ ਮੁਤਾਬਕ, ਇਹ ਵੀਡੀਓ ਨਿਊਯਾਰਕ, ਅਮਰੀਕਾ ਵਿੱਚ ਆਯੋਜਿਤ ਜੈਪੁਰ ਸਾਹਿਤ ਉਤਸਵ 2024 ਦਾ ਹੈ ਜਿਸ ਵਿੱਚ ਇੰਡੀਆ ਟੂਡੇ ਗਰੁੱਪ ਦੇ ਅਰੁਣ ਪੁਰੀ ਨੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਅਰੁਣ ਪੁਰੀ ਨੇ ਉਨ੍ਹਾਂ ਤੋਂ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 2024 ਅਤੇ ਭਾਰਤ ‘ਤੇ ਇਸ ਦੇ ਪ੍ਰਭਾਵ ਬਾਰੇ ਵੀ ਸਵਾਲ ਪੁੱਛੇ ਸਨ। ਉਹ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਬਾਰੇ ਸ਼ਸ਼ੀ ਥਰੂਰ ਦੀ ਰਾਏ ਵੀ ਜਾਣਨਾ ਚਾਹੁੰਦੇ ਸਨ।
ਅਰੁਣ ਪੁਰੀ ਨੇ ਸ਼ਸ਼ੀ ਥਰੂਰ ਤੋਂ ਡੋਨਾਲਡ ਟਰੰਪ ਬਾਰੇ ਸਵਾਲ ਪੁੱਛਿਆ, “ਤੁਹਾਡਾ ਟਰੰਪ ਬਾਰੇ ਕੀ ਵਿਚਾਰ ਹੈ? ਕੀ ਤੁਸੀਂ ਬਹੁਤ ਜ਼ਿਆਦਾ ਕੂਟਨੀਤਕ ਹੋਏ ਬਿਨਾਂ ਆਪਣੇ ਅੰਦਾਜ਼ ਵਿੱਚ ਉਨ੍ਹਾਂ ਲਈ ਇੱਕ ਸ਼ਬਦ ਕਹਿ ਸਕਦੇ ਹੋ?” ਇਸ ‘ਤੇ ਸ਼ਸ਼ੀ ਥਰੂਰ ਨੇ ਕਿਹਾ, “ਮੈਂ “ਅਸਭਿਅਕ” ਕਹਿਣ ਵਾਲਾ ਸੀ ਪਰ ਸੋਚਿਆ ਕਿ ਇਹ ਥੋੜ੍ਹਾ ਰੁੱਖਾ ਹੋਵੇਗਾ। ਦੇਖੋ, ਖਾਸ ਕਰਕੇ ਜਦੋਂ ਮੈਨੂੰ ਭਾਰਤੀ ਸੰਸਦ ਦੇ ਮੈਂਬਰ ਵਜੋਂ ਪੇਸ਼ ਕੀਤਾ ਗਿਆ ਸੀ, ਤਾਂ ਇਹ ਸਾਡਾ ਕੰਮ ਨਹੀਂ ਹੈ ਕਿ ਅਸੀਂ ਦੂਜੇ ਦੇਸ਼ਾਂ ਦੇ ਨੇਤਾਵਾਂ ‘ਤੇ ਉਨ੍ਹਾਂ ਦੀ ਆਪਣੀ ਧਰਤੀ ‘ਤੇ ਟਿੱਪਣੀ ਕਰੀਏ। ਪਰ ਇਹ ਕਹਿਣ ਤੋਂ ਬਾਅਦ, ਇਹ ਵੀ ਸੱਚ ਹੈ ਕਿ ਲੋਕਾਂ ਦੀਆਂ ਆਪਣੀਆਂ ਰਾਜਨੀਤਿਕ ਪਸੰਦ ਹੁੰਦੀਆਂ ਹਨ ਅਤੇ ਮੇਰੀਆਂ ਕੋਈ ਰਾਜਨੀਤਿਕ ਪਸੰਦ ਨਹੀਂ ਹੈ ਕਿਉਂਕਿ ਮੈਂ ਇੱਥੇ ਟੈਕਸ ਨਹੀਂ ਦਿੰਦਾ। ਮੈਨੂੰ ਕੋਈ ਪਰਵਾਹ ਨਹੀਂ ਕਿ ਉਹ ਘੱਟ ਹਨ ਜਾਂ ਜ਼ਿਆਦਾ, ਮੈਂ ਇੱਥੇ ਇਮੀਗ੍ਰੇਸ਼ਨ ਦੀ ਭਾਲ ਨਹੀਂ ਕਰ ਰਿਹਾ ਹਾਂ। ਮੈਂ ਇਹ ਉਦੋਂ ਵੀ ਨਹੀਂ ਕੀਤਾ ਜਦੋਂ ਮੈਨੂੰ ਅਜਿਹਾ ਕਰਨ ਦਾ ਅਧਿਕਾਰ ਸੀ। ਇਸ ਲਈ ਇਮੀਗ੍ਰੇਸ਼ਨ ‘ਤੇ ਉਨ੍ਹਾਂ ਦਾ ਰੁਖ਼ ਮੈਨੂੰ ਚਿੰਤਾ ਨਹੀਂ ਕਰਦਾ। ਇਹ ਹੋਰ ਮੁੱਦੇ ਹਨ, ਇਸ ਹਾਲ ਵਿੱਚ ਹਰ ਕੋਈ ਨੀਤੀਗਤ ਮਾਮਲਿਆਂ ‘ਤੇ ਆਪਣੀ ਪਸੰਦ ਦਾ ਹੱਕਦਾਰ ਹੈ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਉਹ ਅੱਗੇ ਕਹਿੰਦੇ ਹਨ, “ਪਰ ਨਿੱਜੀ ਤੌਰ ‘ਤੇ, ਮੈਨੂੰ ਉਨ੍ਹਾਂ ਦਾ ਵਿਵਹਾਰ ਓਨਾ ਆਰਾਮਦਾਇਕ ਜਾਂ ਸੁਹਾਵਣਾ ਨਹੀਂ ਲੱਗਦਾ ਜਿੰਨਾ ਕਿ ਇੱਕ ਅਮਰੀਕੀ ਰਾਜਨੀਤਿਕ ਸ਼ਖਸੀਅਤ ਵਿੱਚ ਦੇਖਣ ਦੀ ਉਮੀਦ ਕੀਤੀ ਜਾਂਦੀ ਹੈ। ਮੈਨੂੰ ਅਮਰੀਕਾ ਵਿੱਚ ਆਪਣੇ ਠਹਿਰਾਅ ਦੌਰਾਨ ਚਾਰ ਜਾਂ ਪੰਜ ਅਮਰੀਕੀ ਰਾਸ਼ਟਰਪਤੀਆਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੇਰੀ ਦੋਵਾਂ ਬੁਸ਼, ਕਲਿੰਟਨ ਨਾਲ ਵੀ ਵਿਸਤ੍ਰਿਤ ਗੱਲਬਾਤ ਹੋਈ ਅਤੇ ਇੱਕ ਬਹੁਤ ਹੀ ਸੰਖੇਪ ਗੱਲਬਾਤ ਓਬਾਮਾ ਨਾਲ ਵੀ ਹੋਈ। ਇਹ ਸਾਰੇ ਲੋਕ ਇੱਕ ਵਿਸ਼ੇਸ਼ ਸ਼੍ਰੇਣੀ ਦੇ ਸਨ ਅਤੇ ਉਨ੍ਹਾਂ ਦੀ ਇੱਕ ਵਿਲੱਖਣਤਾ ਸੀ। ਇਹ ਰਾਜਨੀਤੀ ਨਹੀਂ ਹੈ, ਕਿਉਂਕਿ ਉਸ ਸੂਚੀ ਵਿੱਚ ਦੋ ਰਿਪਬਲਿਕਨ ਅਤੇ ਦੋ ਡੈਮੋਕਰੇਟ ਸਨ। ਪਰ ਉਨ੍ਹਾਂ ਦਾ ਇੱਕ ਵਿਸ਼ੇਸ਼ ਰਾਜਨੀਤਿਕ ਭਾਰ, ਕੂਟਨੀਤਕ ਮਾਣ ਅਤੇ ਬੌਧਿਕ ਪੱਧਰ ਸੀ, ਜੋ ਮੈਨੂੰ ਇਸ ਸੱਜਣ ਵਿੱਚ ਬਹੁਤ ਘੱਟ ਦਿਖਾਈ ਦਿੰਦਾ ਹੈ। ਇਹ ਮੇਰੀ ਨਿੱਜੀ ਰਾਏ ਹੈ।” ਤੁਸੀਂ ਇਸ ਹਿੱਸੇ ਨੂੰ 42 ਮਿੰਟ ਦੇ ਵੀਡੀਓ ਵਿੱਚ ਲਗਭਗ 12 ਮਿੰਟ ਤੇ ਦੇਖ ਸਕਦੇ ਹੋ।
ਇਸ ਤੋਂ ਇਲਾਵਾ, ਸਾਨੂੰ ਏਸ਼ੀਆ ਸੋਸਾਇਟੀ ਦੀ ਵੈਬਸਾਈਟ ‘ਤੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਅਤੇ ਵੀਡੀਓ ਮਿਲੇ। ਵੈਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਸ਼ਸ਼ੀ ਥਰੂਰ ਨੇ ਅਮਰੀਕਾ ਦੇ ਨਿਊ ਯਾਰਕ ਵਿੱਚ ਜੈਪੁਰ ਸਾਹਿਤ ਉਤਸਵ 2024 ਦੌਰਾਨ ਪੱਤਰਕਾਰ ਅਰੁਣ ਪੁਰੀ ਨਾਲ ਇੱਕ ਚਰਚਾ ਵਿੱਚ ਹਿੱਸਾ ਲਿਆ।
ਜਾਂਚ ਦੌਰਾਨ, ਸਾਨੂੰ 11 ਸਤੰਬਰ 2024 ਨੂੰ ਜੈਪੁਰ ਲਿਟਰੇਚਰ ਫੈਸਟੀਵਲ ਇੰਟਰਨੈਸ਼ਨਲ ਦੇ ਫੇਸਬੁੱਕ ਅਕਾਊਂਟ ਤੋਂ ਕੀਤੀ ਗਈ ਇੱਕ ਪੋਸਟ ਵੀ ਮਿਲੀ ਜਿਸ ਵਿੱਚ ਇਸ ਪ੍ਰੋਗਰਾਮ ਨਾਲ ਸਬੰਧਤ ਕਈ ਤਸਵੀਰਾਂ ਵੀ ਵੇਖੀਆਂ ਜਾ ਸਕਦੀਆਂ ਹਨ।
ਜਾਂਚ ਦੌਰਾਨ ਸਾਨੂੰ ਇਹ ਵੀ ਪਤਾ ਲੱਗਾ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ 5 ਨਵੰਬਰ 2024 ਨੂੰ ਹੋਈਆਂ ਸਨ। ਇਸ ਚੋਣ ਵਿੱਚ ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਸਨ ਅਤੇ ਕਮਲਾ ਹੈਰਿਸ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਸਨ। ਇਸ ਸਮੇਂ ਦੌਰਾਨ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਸਨ ਅਤੇ ਕਮਲਾ ਹੈਰਿਸ ਉਪ ਰਾਸ਼ਟਰਪਤੀ ਸਨ।
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਸ਼ਸ਼ੀ ਥਰੂਰ ਦੇ ਅਮਰੀਕਾ ਜਾ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕਰਨ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਇਹ ਵੀਡੀਓ ਪੁਰਾਣਾ ਹੈ। ਉਸ ਸਮੇਂ ਜੋਅ ਬਿਡੇਨ ਅਮਰੀਕਾ ਦੇ ਰਾਸ਼ਟਰਪਤੀ ਸਨ।
Our Sources
Video Uploaded by Asia Society YT account on 12th Sep 2024
Images posted by JLF International FB account on 11th Sep 2024