Fact Check
ਅੰਮ੍ਰਿਤਸਰ ਵਿਖੇ ਸਿੱਖਾਂ ਨੇ ਭਾਰਤੀ ਆਰਮੀ ਦੇ ਖਿਲਾਫ ਨਾਰੇਬਾਜ਼ੀ ਕੀਤੀ? ਅਖਾੜਾ ਪਿੰਡ ‘ਚ ਬਾਇਓ ਗੈਸ ਪਲਾਂਟ ਖਿਲਾਫ ਧਰਨੇ ਦੀ ਵੀਡੀਓ ਫਰਜ਼ੀ ਦਾਅਵੇ ਨਾਲ ਕੀਤੀ ਸ਼ੇਅਰ
Claim
ਅੰਮ੍ਰਿਤਸਰ ਵਿਖੇ ਸਿੱਖਾਂ ਨੇ ਭਾਰਤੀ ਆਰਮੀ ਦੇ ਖਿਲਾਫ ਨਾਰੇਬਾਜ਼ੀ ਕੀਤੀ।

Fact
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਦੇ ਨਾਲ ਮਿਲਦੀ ਜੁਲਦੀ ਤਸਵੀਰ ਇੰਸਟਾਗਰਾਮ ਅਕਾਊਂਟ ‘ਆਫਾਈਸ਼ਲ ਹਰਜਿੰਦਰ ਸਿੱਧੂ’ ਤੇ ਅਪਲੋਡ ਮਿਲੀ।

ਕੈਪਸਨ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ,”ਬਾਇਓ ਗੈਸ ਪਲਾਂਟ ਦਾ ਵਿਰੋਧ ਕਰ ਰਹੇ ਜਗਰਾਉਂ ਦੇ ਅਖਾੜਾ ਪਿੰਡ ਦੇ ਵਾਸੀਆਂ ਤੇ ਪੁਲਿਸ ਨੇ ਲਾਠੀ ਚਾਰਜ ਕਰਦਿਆਂ ਧਰਨੇ ਵਾਲਾ ਸ਼ੈਡ ਪੁੱਟ ਦਿੱਤਾ।”
ਅਸੀਂ ਗੂਗਲ ਤੇ “ਜਗਰਾਉਂ ਅਖਾੜਾ ਪਿੰਡ” ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਮੀਡੀਆ ਅਦਾਰਾ ਰੋਜ਼ਾਨਾ ਸਪੋਕਸਮੈਨ ਦੁਆਰਾ 26 ਅਪ੍ਰੈਲ 2025 ਨੂੰ ਅਪਲੋਡ ਇੱਕ ਵੀਡੀਓ ਮਿਲੀ। ਇਸ ਵੀਡੀਓ ਮੁਤਾਬਕ,ਜਗਰਾਉਂ ਦੇ ਪਿੰਡ ਅਖਾੜਾ ਵਿੱਚ ਪਿਛਲੇ ਇੱਕ ਸਾਲ ਤੋਂ ਗੈਸ ਫੈਕਟਰੀ ਖਿਲਾਫ਼ ਪਿੰਡ ਵਾਸੀਆਂ ਵੱਲੋਂ ਲਗਾਇਆ ਗਿਆ ਪੱਕਾ ਮੋਰਚਾ ਪੁਲਿਸ ਨੇ ਤੜਕਸਾਰ ਪੁੱਟ ਦਿੱਤਾ। ਪੁਲਿਸ ਨੇ ਪਿੰਡ ਵਿੱਚ ਦਸਤਕ ਦਿੰਦਿਆਂ ਹੀ ਗੈਸ ਫੈਕਟਰੀ ਦੇ ਸਾਹਮਣੇ ਲੱਗੇ ਮੋਰਚੇ ਨੂੰ ਪੁੱਟ ਦਿੱਤਾ ਤੇ ਉੱਥੇ ਮੋਰਚੇ ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਰਾਊਂਡਅੱਪ ਕਰ ਲਿਆ।
ਸਰਚ ਦੌਰਾਨ ਸਾਨੂੰ ਕਈ ਹੋਰ ਮੀਡੀਆ ਅਦਾਰਿਆਂ ਤੇ ਸਥਾਨਕ ਪੱਤਰਕਾਰ ਦਲਵਿੰਦਰ ਸਿੰਘ ਦੁਆਰਾ ਇਸ ਮਾਮਲੇ ਤੇ ਪ੍ਰਕਾਸ਼ਿਤ ਰਿਪੋਰਟ ਮਿਲੀਆਂ। ਅਸੀਂ ਰਿਪੋਰਟ ਵਿੱਚ ਪ੍ਰਕਾਸ਼ਿਤ ਵੀਡੀਓ ਦੀ ਤੁਲਨਾ ਵਾਇਰਲ ਵੀਡੀਓ ਨਾਲ ਕੀਤੀ। ਅਸੀਂ ਪਾਇਆ ਕਿ ਵਾਇਰਲ ਵੀਡੀਓ ਅਤੇ Dalwinder Singh Rachhin Journalist ਦੁਆਰਾ ਅਪਲੋਡ ਵੀਡੀਓ ਵਿੱਚ ਕਈ ਸਮਾਨਤਾਵਾਂ ਸਨ।

ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਕਰਨ ਲਈ ਅਸੀਂ ਇਸ ਧਰਨੇ ਦੀ ਕਵਰੇਜ ਕਰ ਰਹੇ ਲੁਧਿਆਣਾ ਤੋਂ ਪੱਤਰਕਾਰ ਹਰਜਿੰਦਰ ਸਿੱਧੂ ਨੂੰ ਸੰਪਰਕ ਕੀਤਾ। ਨਿਊਜ਼ਚੈਕਰ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਨੇ ਦੱਸਿਆ ਕਿ ਵਾਇਰਲ ਵੀਡੀਓ ਜਗਰਾਉਂ ਦੇ ਅਖਾੜਾ ਪਿੰਡ ਦੀ ਹੈ ਜਿੱਥੇ ਤਕਰੀਬਨ ਇੱਕ ਸਾਲ ਤੋਂ ਬਾਇਓਗੈਸ ਪਲਾਂਟ ਦੇ ਖਿਲਾਫ ਧਰਨਾ ਚੱਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਇਹ ਵਾਇਰਲ ਵੀਡੀਓ 26 ਅਪ੍ਰੈਲ ਦੀ ਹੈ ਜਦੋਂ ਤੜਕਸਾਰ ਪੁਲਿਸ ਨੇ ਬਲ ਦਾ ਪ੍ਰਯੋਗ ਕਰਦਿਆਂ ਧਰਨੇ ਨੂੰ ਪੁੱਟ ਦਿੱਤਾ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਧਰਨੇ ਨੂੰ ਮੁੜ ਤੋਂ ਚਾਲੂ ਕੀਤਾ ਸੀ।”
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਜਗਰਾਉਂ ਦੇ ਪਿੰਡ ਅਖਾੜਾ ਵਿੱਚ ਬਾਇਓ ਗੈਸ ਪਲਾਂਟ ਦੇ ਖਿਲਾਫ ਚੱਲ ਰਹੇ ਧਰਨੇ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Our Sources
Instagram post by Harjinder Sidhu, Dated April 26, 2025
Facebook video by Dalwinder Singh, Dated April 26, 2025
Telephonic conversation with Journalist Harjinder Sidhu