ਦੇਸ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 2019 ਨੂੰ ਆਪਣਾ 99ਵਾਂ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (SAD) ਦੂਸਰੇ ਦਹਾਕੇ ਦੌਰਾਨ ਉਸ ਵੇਲੇ ਹੋਂਦ ਵਿੱਚ ਆਇਆ ਜਦੋਂ ਗੁਰੂਦੁਆਰਾ ਸੁਧਾਰ ਲਹਿਰ ਨੇ ਗੁਰੂਦੁਆਰਿਆ ਨੂੰ ਮਹੰਤਾਂ ਕੋਲੋ ਅਜ਼ਾਦ ਕਰਾਉਣ ਲਈ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ। ਜਥੇਦਾਰ ਕਰਤਾਰ ਸਿੰਘ ਝੱਬਰ ਵੱਲੋ 1920 ਵਿੱਚ ਬੁਲਾਏ ਗਏ ਸਰਬੱਤ ਖਾਲਸੇ ਦੌਰਾਨ ਗੁਰੂਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।
ਪੰਥਕ ਲੀਡਰਾਂ ਨੇ ਕਾਫੀ ਸੋਚ ਵਿਚਾਰ ਉਪਰੰਤ 13 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਸਰਮੁਖ ਸਿੰਘ ਝੱਬਲ ਨੂੰ ਬਣਾਇਆ ਗਿਆ। ਵੇਖਦੇ ਹੀ ਵੇਖਦੇ ਅਕਾਲੀ ਦਲ ਪੰਜਾਬ ਦੇ ਸਿਆਸਤੀ ਦ੍ਰਿਸ਼ ‘ਤੇ ਪ੍ਰਗਟ ਹੋਣ ਵਾਲੀ ਉਹ ਪ੍ਰਮੁੱਖ ਪਾਰਟੀ ਬਣ ਗਿਆ ਜਿਸ ਕੋਲ ਸਿੱਖ ਪੰਥ ਦੇ ਧਾਰਮਿਕ , ਰਾਜਸੀ ਤੇ ਸਭਿਆਚਾਰਕ ਹਿੱਤਾਂ ਦੀ ਰਾਖੀ ਅਤੇ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨਾਂ ਦੀ ਸੂਚੀ :
ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਪਹਿਲੇ ਪ੍ਰਧਾਨ ਸਰਮੁਖ ਸਿੰਘ ਝੱਬਲ ਚੁਣੇ ਗਏ। ਓਹਨ ਤੋਂ ਇਲਾਵਾ ਬਾਬਾ ਖੜਕ ਸਿੰਘ , ਮਾਸਟਰ ਤਾਰਾ ਸਿੰਘ , ਗੋਪਾਲ ਸਿੰਘ ਕੌਮੀ , ਤਾਰਾ ਸਿੰਘ ਥੇਥਰ , ਤੇਜਾ ਸਿੰਘ ਅਕਾਰਪੁਰੀ , ਬਾਬੂ ਲਾਭ ਸਿੰਘ , ਉਧਮ ਸਿੰਘ ਜੀ ਨਾਗੋਕੇ , ਗਿਆਨੀ ਕਰਤਾਰ ਸਿੰਘ , ਪ੍ਰੀਤਮ ਸਿੰਘ ਗੋਧਰਾਂ , ਹੁਕਮ ਸਿੰਘ , ਸੰਤ ਫਤਿਹ ਸਿੰਘ , ਅੱਛਰ ਸਿੰਘ ਜਥੇਦਾਰ , ਭੁਪਿੰਦਰ ਸਿੰਘ , ਮੋਹਨ ਸਿੰਘ ਤੁੜ , ਜਥੇਦਾਰ ਜਗਦੇਵ ਸਿੰਘ ਤਲਵੰਡੀ , ਸੰਤ ਹਰਚੰਦ ਸਿੰਘ ਲੌਂਗੋਵਾਲ , ਸੁਰਜੀਤ ਸਿੰਘ ਬਰਨਾਲਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਵਜੋਂ ਸੇਵਾ ਨਿਭਾਈ।
ਪੰਜ ਵਾਰ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਲੰਬਾ ਸਮਾਂ ਪਾਰਟੀ ਪ੍ਰਧਾਨ ਦੀ ਪੋਸਟ ਤੇ ਕਾਬਜ਼ ਰਹੇ। 31 ਜਨਵਰੀ 2008 ਨੂੰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਬਣੇ ਜੋ ਅਜੇ ਵੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ – ਮੰਤਰੀ :
ਪੰਜਾਬ ਦੇ ਮੁੱਖ-ਮੰਤਰੀ |
ਕਾਰਜ਼ਕਾਲ |
ਗੁਰਨਾਮ ਸਿੰਘ | (17 ਫਰਵਰੀ 1969 – 27 ਮਾਰਚ 1970) |
ਪ੍ਰਕਾਸ਼ ਸਿੰਘ ਬਾਦਲ | (27 ਮਾਰਚ 1970 – 14 ਜੂਨ 1971) |
ਪ੍ਰਕਾਸ਼ ਸਿੰਘ ਬਾਦਲ | (20 ਜੂਨ 1977 – 17 ਫਰਵਰੀ 1980) |
ਸੁਰਜੀਤ ਸਿੰਘ ਬਰਨਾਲਾ | (29 ਸਤੰਬਰ 1985 – 11 ਜੂਨ 1987) |
ਪ੍ਰਕਾਸ਼ ਸਿੰਘ ਬਾਦਲ | (12 ਫਰਵਰੀ 1997 – 26 ਫਰਵਰੀ 2002) |
ਪ੍ਰਕਾਸ਼ ਸਿੰਘ ਬਾਦਲ | (1 ਮਾਰਚ 2007 – 16 ਮਾਰਚ 2017) |
ਕਈ ਵਾਰ ਟੁਟਿਆ ਤੇ ਜੁੜਿਆ ਸ਼੍ਰੋਮਣੀ ਅਕਾਲੀ ਦਲ :
ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਧੜੇਬੰਦੀ ਅਤੇ ਵੰਡਾਂ ਦੀ ਕਹਾਣੀ ਹੈ। ਅਕਾਲੀ ਦਲ ਵਿੱਚ ਧੜੇਬੰਦੀ ਦੀ ਮਹਿਕ 1980 ਦੇ ਦਹਾਕੇ ਤੋਂ ਹੀ ਆਉਣਾ ਸ਼ੁਰੂ ਹੋ ਗਈ ਸੀ ਅਤੇ 1985 ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਮਗਰੋਂ ਇਹ ਧੜੇਬੰਦੀ ਜੱਗ ਜ਼ਾਹਰ ਹੋ ਗਈ ਜਿਸਨੇ ਅਕਾਲੀ ਦਲ (ਲੌਂਗੋਵਾਲ) ਦੇ ਰੂਪ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ। ਇਸ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਅਗਵਾਈ ਵਿਚ ਇਕ ਗੁੱਟ 1984 ਦੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੀ ਅਕਾਲੀ ਦਲ ਵਿਚੋਂ ਨਿਕਲ ਗਿਆ, ਜਿਸ ਨੂੰ ਬਾਅਦ ਵਿਚ ਅਕਾਲੀ ਦਲ (ਤਲਵੰਡੀ) ਦੇ ਨਾਂਅ ਨਾਲ ਜਾਣਿਆ ਜਾਂਦਾ ਰਿਹਾ।
1985 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਵਿਚੋਂ 73 ਸੀਟਾਂ ਜਿੱਤੀਆਂ ਅਤੇ ਪਾਰਟੀ ਦੇ ਨਵੇਂ ਲੀਡਰ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣੇ। 1987 ਵਿਚ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ (ਮਾਨ) ਬਣਾਇਆ ਜਿਸਨੂੰ ਹੁਣ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।1990 ਵਿਚ ਜਸਬੀਰ ਸਿੰਘ ਰੋਡੇ ਨੇ ਅਕਾਲੀ ਦਲ (ਪੰਥਕ) ਬਣਾਇਆ ਪਰ 1992 ਵਿੱਚ ਅਕਾਲੀ ਦਲ (ਪੰਥਕ) ਪਾਰਟੀ ਸ਼੍ਰੋਮਣੀ ਅਕਾਲੀ ਦਲ (ਮਾਨ) ਵਿਚ ਮਰਜ਼ ਹੋ ਗਈ।
1992 ਦੀਆਂ ਚੋਣਾਂ ਦੇ ਦੌਰਾਨ ਇਸ ਸਮੇਂ ਦੇ ਮੁੱਖ – ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਪੰਥਕ ਬਣਾਇਆ ਪਰ 1999 ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਵਾਪਿਸ ਚਲੇ ਗਏ। 2003 ਵਿਚ ਸਾਬਕਾ ਵਿਧਾਨ ਸਭਾ ਸਪੀਕਰ ਰਵੀਇੰਦਰ ਸਿੰਘ ਨੇ ਅਕਾਲੀ ਦਲ (1920) ਬਣਾਇਆ। 2002 ਵਿੱਚ ਹੀ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ (SGPC ) ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਿਚ ਸਰਬਹਿੰਦ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ। 2004 ਵਿਚ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਹੋਂਦ ਵਿਚ ਆਇਆ।
ਸਾਲ 2004 ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨੂੰ ਮੁੜ ਸੁਰਜੀਤ ਕੀਤਾ ਅਤੇ ਕਈ ਪਾਰਟੀਆਂ ਦੇ ਨਾਲ ਗਠਜੋੜ ਕੀਤਾ ਪਰ ਅਸਫਲਤਾ ਹਾਸਿਲ ਹੋਈ। 2016 ਵਿੱਚ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਕਾਂਗਰਸ ਪਾਰਟੀ ਵਿੱਚ ਮਰਜ਼ ਹੋ ਗਿਆ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਅਤੇ ਬਰਨਾਲਾ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਸਾਲ 2014 ਵਿਚ ਭਾਈ ਮੋਹਕਮ ਸਿੰਘ ਨੇ ਯੂਨਾਇਟਡ ਅਕਾਲੀ ਦਲ ਨੂੰ ਹੋਂਦ ਚ ਲਿਆਂਦਾ। ਸਾਲ 2018 ਵਿਚ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਟਕਸਾਲੀ ਅਕਾਲੀ ਆਗੂਆਂ ਨੇ ਇਕ ਹੋਰ ਨਵਾਂ ਅਕਾਲੀ ਦਲ ਹੋਂਦ ਵਿੱਚ ਲਿਆਂਦਾ ਜਿਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਰਖਿਆ ਗਿਆ ਹੈ। ਅਕਾਲੀ ਦਲ ਬਾਦਲ ਤੋਂ ਬਾਗ਼ੀ ਹੋਕੇ ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਟਕਸਾਲੀ ਪਾਰਟੀ ਬਣਾਈ।
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in